ਮਾਨਸੂਨ ਮੀਂਹ ਨੇ ਤੋੜਿਆ ਸਦੀ ਦਾ ਰਿਕਾਰਡ – ਮੁੰਬਈ ਵਿੱਚ ਰੇਲ ਅਤੇ ਹਵਾਈ ਉਡਾਣਾਂ ਪ੍ਰਭਾਵਿਤ – 13 NDRF ਟੀਮਾਂ ਤਾਇਨਾਤ – ਪੰਜਾਬ ਸਮੇਤ ਹੋਰ ਰਾਜਾਂ ਲਈ ਚੇਤਾਵਨੀ

ਅਗਲੇ ਪੰਜ ਦਿਨਾਂ ਲਈ ਅੱਠ ਰਾਜਾਂ ਵਿੱਚ ਹਨੇਰੀ ਅਤੇ ਮੀਂਹ ਦੀ ਚੇਤਾਵਨੀ

ਨਵੀਂ ਦਿੱਲੀ, 27 ਮਈ – ਮੌਸਮ ਵਿਭਾਗ ਨੇ ਮੁੰਬਈ, ਠਾਣੇ, ਰਾਏਗੜ੍ਹ ਅਤੇ ਰਤਨਾਗਿਰੀ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਲਈ ਸੰਤਰੀ ਅਲਰਟ ਜਾਰੀ ਕੀਤਾ ਸੀ, ਜਿਸ ਨੂੰ ਸੋਮਵਾਰ ਸਵੇਰੇ ਲਾਲ ਅਲਰਟ ਵਿੱਚ ਬਦਲ ਦਿੱਤਾ ਗਿਆ ਸੀ ਅਤੇ ਮੰਗਲਵਾਰ ਨੂੰ ਵੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਮਈ ਦੇ ਮਹੀਨੇ ਵਿੱਚ ਸਭ ਤੋਂ ਵੱਧ ਮੀਂਹ ਦਾ ਇੱਕ ਸਦੀ ਦਾ ਪੁਰਾਣਾ ਰਿਕਾਰਡ ਟੁੱਟ ਗਿਆ ਕਿਉਂਕਿ ਮਾਨਸੂਨ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਨਿਰਧਾਰਤ ਸਮੇਂ ਤੋਂ 16 ਦਿਨ ਪਹਿਲਾਂ ਪਹੁੰਚ ਗਿਆ। ਭਾਰੀ ਬਾਰਿਸ਼ ਕਾਰਨ, ਕੇਂਦਰੀ ਰੇਲਵੇ ਦੀ ਹਾਰਬਰ ਲਾਈਨ ‘ਤੇ ਲੋਕਲ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਕਈ ਇਲਾਕਿਆਂ ਵਿੱਚ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਹਜ਼ਾਰਾਂ ਲੋਕ ਫਸ ਗਏ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਵੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਕਰਨਾਟਕ, ਮਹਾਰਾਸ਼ਟਰ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਨੇ ਮੁੰਬਈ, ਠਾਣੇ, ਰਾਏਗੜ੍ਹ ਅਤੇ ਰਤਨਾਗਿਰੀ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਲਈ ਸੰਤਰੀ ਅਲਰਟ ਜਾਰੀ ਕੀਤਾ ਸੀ, ਜਿਸ ਨੂੰ ਸੋਮਵਾਰ ਸਵੇਰੇ ਲਾਲ ਅਲਰਟ ਵਿੱਚ ਬਦਲ ਦਿੱਤਾ ਗਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਲਈ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਅਨੁਸਾਰ, ਮੌਨਸੂਨ ਤੇਲੰਗਾਨਾ, ਮਿਜ਼ੋਰਮ ਦੇ ਬਾਕੀ ਹਿੱਸਿਆਂ, ਪੂਰੇ ਤ੍ਰਿਪੁਰਾ, ਮਨੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਅਤੇ ਮੇਘਾਲਿਆ ਦੇ ਕੁਝ ਹਿੱਸਿਆਂ ਵਿੱਚ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਿਆ ਹੈ। ਇਹ ਅਗਲੇ ਤਿੰਨ ਦਿਨਾਂ ਦੌਰਾਨ ਬਾਕੀ ਮਹਾਰਾਸ਼ਟਰ ਅਤੇ ਪੂਰੇ ਉੱਤਰ-ਪੂਰਬ ਨੂੰ ਕਵਰ ਕਰੇਗਾ।

ਸੋਮਵਾਰ ਨੂੰ ਉੱਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਸਮੇਤ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤੀ ਗਰਮੀ ਨਹੀਂ ਪਈ। ਮੌਸਮ ਵਿਭਾਗ ਅਨੁਸਾਰ, ਅਗਲੇ 24 ਘੰਟਿਆਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਉਸ ਤੋਂ ਬਾਅਦ, ਚਾਰ ਤੋਂ ਪੰਜ ਦਿਨਾਂ ਵਿੱਚ ਪਾਰਾ 3 ਤੋਂ 4 ਡਿਗਰੀ ਵਧਣ ਦੀ ਉਮੀਦ ਹੈ।

ਗਰਜ ਅਤੇ ਮੀਂਹ ਦੇ ਨਾਲ-ਨਾਲ ਗੜੇਮਾਰੀ ਦੀ ਵੀ ਸੰਭਾਵਨਾ ਹੈ।ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਵਿੱਚ 27 ਮਈ ਤੋਂ 1 ਜੂਨ ਤੱਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ, ਮੀਂਹ ਅਤੇ ਹਵਾਵਾਂ ਚੱਲ ਸਕਦੀਆਂ ਹਨ। ਅਗਲੇ ਦੋ ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਵਿੱਚ ਕੁਝ ਥਾਵਾਂ ‘ਤੇ ਗੜੇਮਾਰੀ ਹੋ ਸਕਦੀ ਹੈ।

ਵਰਲੀ ਵਿਖੇ ਨਵੇਂ ਬਣੇ ਭੂਮੀਗਤ ਮੈਟਰੋ ਸਟੇਸ਼ਨ ‘ਤੇ ਪਾਣੀ ਭਰਨ ਤੋਂ ਬਾਅਦ ਐਕਵਾਲਾਈਨ ‘ਤੇ ਸੇਵਾਵਾਂ ਨੂੰ ਮੁਅੱਤਲ ਕਰਨਾ ਪਿਆ। 250 ਤੋਂ ਵੱਧ ਉਡਾਣਾਂ ਦੇ ਵੀ ਪ੍ਰਭਾਵਿਤ ਹੋਣ ਦੀ ਖ਼ਬਰ ਹੈ। ਮੁੰਬਈ ਤੋਂ ਇਲਾਵਾ, ਠਾਣੇ, ਪਾਲਘਰ, ਰਾਏਗੜ੍ਹ ਅਤੇ ਰਤਨਾਗਿਰੀ ਜ਼ਿਲ੍ਹਿਆਂ ਵਿੱਚ ਵੀ ਮੀਂਹ ਨੇ ਬਹੁਤ ਤਬਾਹੀ ਮਚਾਈ ਹੈ । ਮਹਾਰਾਸ਼ਟਰ ਵਿੱਚ ਮੀਂਹ ਕਾਰਨ ਵਿਗੜੀ ਸਥਿਤੀ ਨੂੰ ਕਾਬੂ ਕਰਨ ਲਈ 13 ਐਨਡੀਆਰਐਫ ਅਤੇ ਦੋ ਐਸਡੀਆਰਐਫ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸੋਮਵਾਰ ਨੂੰ ਐਨਡੀਆਰਐਫ ਦੀਆਂ ਪੰਜ ਟੀਮਾਂ ਮੁੰਬਈ ਵਿੱਚ ਫਸੇ ਲੋਕਾਂ ਦੇ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਸਨ। ਐਨਡੀਆਰਐਫ ਨੇ ਸਤਾਰਾ, ਪਾਲਘਰ, ਠਾਣੇ, ਰਾਏਗੜ੍ਹ, ਰਤਨਾਗਿਰੀ, ਕੋਲਹਾਪੁਰ, ਸਾਂਗਲੀ ਅਤੇ ਸੋਲਾਪੁਰ ਵਿੱਚ ਵੀ ਚਾਰਜ ਸੰਭਾਲ ਲਿਆ ਹੈ।

1956 ਵਿੱਚ, ਦੱਖਣ-ਪੱਛਮੀ ਮਾਨਸੂਨ 29 ਮਈ ਨੂੰ ਮੁੰਬਈ ਪਹੁੰਚਿਆ। ਇਹ 1962 ਅਤੇ 1971 ਵਿੱਚ ਵੀ ਇਸ ਦਿਨ ਤੇ ਪਹੁੰਚਿਆ ਸੀ।ਮੁੰਬਈ ਵਿੱਚ ਉਲਹਾਸ ਨਦੀ ਦਾ ਪੱਧਰ ਵਧਣ ਕਾਰਨ ਕਲਿਆਣ ਵਿੱਚ ਪੁਲ ਆਵਾਜਾਈ ਲਈ ਬੰਦ ਕਰ ਦਿੱਤੇ ਹਨ

ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਸੋਮਵਾਰ ਸ਼ਾਮ ਨੂੰ ਬਿਜਲੀ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਇਹ ਘਟਨਾ ਅਹਿਮਦਪੁਰ ਤਹਿਸੀਲ ਵਿੱਚ ਉਦੋਂ ਵਾਪਰੀ ਜਦੋਂ ਕੁਝ ਲੋਕ ਖੇਤਾਂ ਵਿੱਚ ਕੰਮ ਕਰ ਰਹੇ ਸਨ। 

ਮੌਸਮ ਵਿਭਾਗ ਨੇ ਤੱਟਵਰਤੀ ਕਰਨਾਟਕ ਵਿੱਚ ਅਗਲੇ ਪੰਜ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।

ਕੇਰਲ ਵਿੱਚ ਮਾਨਸੂਨੀ ਬਾਰਿਸ਼ ਕਾਰਨ ਹੁਣ ਤੱਕ ਚਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। 29 ਘਰ ਤਬਾਹ ਹੋ ਗਏ ਹਨ ਅਤੇ 868 ਘਰਾਂ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪਹੁੰਚਿਆ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਕਈ ਥਾਈਂ ਰਾਹਤ ਕੈਂਪ ਖੋਲ੍ਹੇ ਗਏ ਹਨ।

ਦੱਖਣ-ਪੱਛਮੀ ਮਾਨਸੂਨ ਆਮ ਤੌਰ ‘ਤੇ 1 ਜੂਨ ਤੱਕ ਕੇਰਲ ਵਿੱਚ ਆਪਣੀ ਸ਼ੁਰੂਆਤ ਕਰਦਾ ਹੈ, 11 ਜੂਨ ਤੱਕ ਮੁੰਬਈ ਪਹੁੰਚਦਾ ਹੈ ਅਤੇ 8 ਜੁਲਾਈ ਤੱਕ ਪੂਰੇ ਦੇਸ਼ ਨੂੰ ਕਵਰ ਕਰਦਾ ਹੈ। ਇਹ 17 ਸਤੰਬਰ ਦੇ ਆਸਪਾਸ ਉੱਤਰ-ਪੱਛਮੀ ਭਾਰਤ ਤੋਂ ਪਿੱਛੇ ਹਟਣਾ ਸ਼ੁਰੂ ਕਰਦਾ ਹੈ ਅਤੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਪਿੱਛੇ ਮੁੜ੍ਹ ਜਾਂਦਾ ਹੈ। ਪਿਛਲੇ ਸਾਲ, ਮਾਨਸੂਨ 25 ਜੂਨ ਨੂੰ ਮੁੰਬਈ ਪਹੁੰਚਿਆ ਸੀ। ਪਿਛਲੇ ਸਾਲਾਂ ਵਿੱਚ, ਇਹ 2022 ਵਿੱਚ 11 ਜੂਨ, 2021 ਵਿੱਚ 9 ਜੂਨ, 2020 ਵਿੱਚ 14 ਜੂਨ ਅਤੇ 2019 ਵਿੱਚ 25 ਜੂਨ ਨੂੰ ਆਇਆ ਸੀ।