ਚੰਦੂਆਂ ਖੁਰਦ ‘ਚ ਜਨ ਸੁਵਿਧਾ ਕੈਂਪ ਦਾ ਲਾਭ ਲੈਂਦਿਆਂ ਲੋਕਾਂ ਨੇ ਪ੍ਰਾਪਤ ਕੀਤੀਆਂ ਸਰਕਾਰੀ ਸੇਵਾਵਾਂ

ਨਿਊਜ਼ ਪੰਜਾਬ

ਰਾਜਪੁਰਾ, 22 ਮਈ 2025

ਅੱਜ ਸਬ ਡਵੀਜ਼ਨ ਰਾਜਪੁਰਾ ਦੇ ਅਧੀਨ ਪੈਂਦੇ ਪਿੰਡ ਚੰਦੂਆਂ ਖੁਰਦ ਵਿਖੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਜਨ ਸੁਵਿਧਾ ਕੈਂਪ ਮੌਕੇ ਐਸ.ਡੀ.ਐਮ. ਅਵਿਕੇਸ਼ ਗੁਪਤਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਇਨ੍ਹਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਦਿਆਂ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੱਕ ਪੁੱਜੀ ਹੈ।

ਐਸ.ਡੀ.ਐਮ. ਅਵਿਕੇਸ਼ ਕੁਮਾਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦਿਆਂ ਇਨ੍ਹਾਂ ਦੇ ਹੱਲ ਲਈ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਪਹਿਲਕਦਮੀ ਤਹਿਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਖ਼ੁਦ ਚੱਲਕੇ ਲੋਕਾਂ ਦੇ ਘਰਾਂ ਦੇ ਨੇੜੇ ਪੁੱਜਦੇ ਹਨ ਅਤੇ ਸਰਕਾਰੀ ਸਕੀਮਾਂ ਦਾ ਲਾਭ ਮੌਕੇ ‘ਤੇ ਹੀ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਨੀਨਾ ਮਿੱਤਲ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡਾਂ ਵਿੱਚ ਅਜਿਹੇ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ। ਇਸ ਕੈਂਪ ਦਾ ਲਾਭ ਲੈਣ ਵਾਲੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੰਮਾਂ ਲਈ ਸ਼ਹਿਰ ਵਿੱਚ ਨਹੀਂ ਜਾਣਾ ਪੈਂਦਾ ਤੇ ਉਨ੍ਹਾਂ ਦੇ ਜਰੂਰੀ ਪ੍ਰਸ਼ਾਸਨਿਕ ਕੰਮ ਪਿੰਡ ਵਿੱਚ ਹੀ ਅਜਿਹੇ ਕੈਂਪਾਂ ਜਰੀਏ ਹੋ ਜਾਂਦੇ ਹਨ।

ਇਸ ਜਨ ਸੁਵਿਧਾ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਲੋਕਾਂ ਦੇ ਮਸਲੇ ਸੁਣੇ ਤੇ ਉਨ੍ਹਾਂ ਦਾ ਮੌਕੇ ‘ਤੇ ਹੀ ਹੱਲ ਵੀ ਕੀਤਾ। ਇਸ ਮੌਕੇ ਬੀ.ਡੀ.ਪੀ.ਓ. ਬਨਦੀਪ ਸਿੰਘ ਗਿੱਲ ਸਮੇਤ ਇਲਾਕੇ ਦੇ ਵਸਨੀਕ ਵੀ ਮੌਜੂਦ ਸਨ।

******

ਫੋਟੋ ਕੈਪਸ਼ਨ-ਪਿੰਡ ਚੰਦੂਆਂ ਖੁਰਦ ਵਿਖੇ ਜਨ ਸੁਵਿਧਾ ਕੈਂਪ ਮੌਕੇ ਲੋਕ ਆਪਣੇ ਕੰਮ ਕਰਵਾਉਂਦੇ ਹੋਏ।