ਪ੍ਰਣਾਮ ਸ਼ਹੀਦਾਂ ਨੂੰ : ਸ਼ਹੀਦੀ ਸਾਕਾ, ਸ਼੍ਰੀ ਪਾਉਂਟਾ ਸਾਹਿਬ – ਪੜ੍ਹੋ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਕਲਮ ਤੋਂ….

ਪਾਉਂਟਾ ਸਾਹਿਬ ਧੰਨ ਹੈ

▪️ਗੁਰਭਜਨ ਗਿੱਲ

 

ਪ੍ਰਣਾਮ ਸ਼ਹੀਦਾਂ ਨੂੰ

ਪਾਉਂਟਾ ਸਾਹਿਬ ਧੰਨ ਹੈ ਤੇ

ਧੰਨ ਇਹਦੇ ਲੋਕ ਜਿੱਥੇ ,

ਮੇਰੇ ਗੁਰੂ ਦਸਵੇਂ ਦਾ

ਤੀਰਥ ਸਥਾਨ ਹੈ।

ਜੀਹਦੇ ਚੱਪੇ ਚੱਪੇ ਉੱਤੇ

ਗੁਰੂ ਦਸਮੇਸ਼ ਜੀ ਦੀ,

ਕਿਰਪਾ ਦੀ ਛੋਹ ਅਤੇ

ਪੈਰਾਂ ਦਾ ਨਿਸ਼ਾਨ ਹੈ।

ਇਕ ਸੀ ਉਦਾਸੀ ਜਿਥੇ

ਸਾਧੂ ਕ੍ਰਿਪਾਲ ਦਾਸ,

ਘੋਟਣੇ ਨਾ’ ਲੜਿਆ

ਭੰਗਾਣੀ ਵਾਲਾ ਯੁੱਧ ਸੀ।

ਗੁਰੂ ਦਿਆਂ ਚਰਨਾਂ ਦੇ ਨਾਲ ਸੀ

ਪ੍ਰੀਤ ਉਹਦੀ,

ਤਾਂ ਹੀ ਉਹਨੇ ਜਾ ਕੇ

ਕੀਤਾ ਵੈਰੀਆਂ ਨੂੰ ਸੁੱਧ ਸੀ।

ਏਥੇ ਮੇਰੇ ਗੁਰੂ ਨੇ ਸੀ

ਹੱਕ ਦੀ ਲੜਾਈ ਲੜੀ,

ਏਸੇ ਲਈ ਮੈਂ ਕਹਿਨਾਂ

ਇਹ ਸਥਾਨ ਤਾਂ ਮਹਾਨ ਹੈ।

ਪਾਉਂਟਾ ਸਾਹਿਬ ਧੰਨ…।

ਗੁਰੂ ਦੀਆਂ ਸੋਚਾਂ ਦੀ ਮੈਂ ਕਿਵੇਂ ਵਡਿਆਈ ਕਰਾਂ,

ਇਕ ਇਕ ਗੱਲ ਪਿੱਛੇ

ਲੱਖਾਂ ਹੀ ਕਹਾਣੀਆਂ।

ਕਵਿਤਾ ਦੀ ਵਾੜੀ ਨੂੰ

ਬਵੰਜਾ ਕਵੀ ਸਿੰਜਦੇ ਸੀ,

ਦੱਸਿਆ ਏ ਕਈ ਵਾਰੀ

ਯਮੁਨਾ ਦੇ ਪਾਣੀਆਂ।

ਇਕ ਹੱਥ ਖੰਡਾ

ਦੂਜੇ ਹੱਥ ’ਚ ਕਲਮ ਵੇਖੋ,

ਤੇਗ ਦੇ ਬਹਾਦਰਾਂ ਦੀ

ਕੈਸੀ ਸੰਤਾਨ ਹੈ।

ਪਾਉਂਟਾ ਸਾਹਿਬ ਧੰਨ… … ….।

ਜਾਬਰਾਂ ਦੇ ਨਾਲ ਜਿਹੜੇ

ਸਾਂਝ ਤੇ ਭਿਆਲੀ ਪਾਉਣ,

ਏਹੋ ਜਹੇ ਕਾਫ਼ਰਾਂ ਨੂੰ ਸਮਾਂ ਨਹੀਂ ਪਿਆਰਦਾ।

ਚਿੜੀਆਂ ਤੋਂ ਬਾਜ਼ ਤੁੜਵਾ ਕੇ

ਗੁਰੂ ਦੱਸਿਆ ਸੀ,

ਲਿੱਸਿਆਂ ਦੇ ਬੇੜੇ

ਵਿਸ਼ਵਾਸ ਆਪੇ ਤਾਰਦਾ।

ਗਊ ਤੇ ਗਰੀਬ ਵਾਲੀ

ਰਾਖੀ ਹੈ ਧਰਮ ਸਾਡਾ,

ਇਹੀ ਸਹੀ ਖਾਲਸੇ ਦੀ

ਵੱਖਰੀ ਪਛਾਣ ਹੈ।

ਪਾਉਂਟਾ ਸਾਹਿਬ ਧੰਨ…।

ਰਾਖੀ ਮਜ਼ਲੂਮ ਦੀ ਨਾ

ਕਰੇ ਜੇ ਮਨੁੱਖ ਹੋ ਕੇ,

ਬੰਦਾ ਨਾ ਉਹ ਕਹੀਏ,

ਨਿਰਾ ਧਰਤੀ ਤੇ ਭਾਰ ਹੈ।

ਹਾਰ ਜਾਣ ਧਰਤੀ ਤੇ

ਹੀਲੇ ਤੇ ਵਸੀਲੇ ਜਦੋਂ,

ਆਖਿਆ ਗੋਬਿੰਦ ਉਦੋਂ

ਜਾਇਜ਼ ਹਥਿਆਰ ਹੈ।

ਸਿਮਰ ਭਗੌਤੀ ਤੁਰੇ

ਜੰਗ ਦੇ ਮੈਦਾਨ ਵੱਲੇ,

ਇਕ ਹੱਥ ਖੰਡਾ ਦੂਜੇ ਹੱਥ ਕ੍ਰਿਪਾਨ ਹੈ।

ਪਾਉਂਟਾ ਸਾਹਿਬ ਧੰਨ…