ਨਿਊਜ਼ ਪੰਜਾਬ
21 ਮਈ 2025
ਪੰਜਾਬ ਵਾਸੀਆਂ ਨੂੰ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਾਪਰਟੀ ਟੈਕਸ ਭਰਨ ਦੀ ਮਿਆਦ ਵਧਾ ਕੇ ਹੁਣ 31 ਜੁਲਾਈ ਤੱਕ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਨਗਰ ਕੌਂਸਲ ਬਾਘਾ ਪੁਰਾਣਾ ਦੀ ਚੇਅਰਪਰਸਨ ਸੋਨੀਆ ਗੁਪਤਾ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਵਧੀਆ ਫੈਸਲਾ ਹੈ।
ਉਨ੍ਹਾਂ ਨੇ ਸਾਰੇ ਬਾਘਾਪੁਰਾਣਾ ਵਾਸੀਆਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਹਦਾਇਤਾਂ ਅਨੁਸਾਰ ਸਾਲ 2013-14 ਤੋਂ ਲੈ ਕੇ 2024-25 ਤੱਕ ਦਾ ਇਕਮੁਸ਼ਤ ਪ੍ਰਾਪਰਟੀ ਟੈਕਸ 31 ਜੁਲਾਈ ਤੱਕ ਭਰਨ ‘ਤੇ ਜੁਰਮਾਨੇ ਅਤੇ ਬਿਆਜ ਤੋਂ ਛੋਟ ਦਿੱਤੀ ਜਾ ਰਹੀ ਹੈ। ਜੇਕਰ ਇਹ ਟੈਕਸ 31 ਅਕਤੂਬਰ 2025 ਤੱਕ ਭਰਿਆ ਜਾਂਦਾ ਹੈ ਤਾਂ ਜੁਰਮਾਨੇ ਅਤੇ ਬਿਆਜ ‘ਤੇ 50 ਫੀਸਦੀ ਛੋਟ ਮਿਲੇਗੀ। ਇਸ ਤੋਂ ਇਲਾਵਾ, ਸਾਲ 2025-26 ਦਾ ਪ੍ਰਾਪਰਟੀ ਟੈਕਸ 30 ਅਕਤੂਬਰ 2025 ਤੋਂ ਪਹਿਲਾਂ ਭਰਨ ‘ਤੇ 10 ਫੀਸਦੀ ਛੋਟ ਦਿੱਤੀ ਜਾਵੇਗੀ।ਇਸ ਲਈ ਲੋਕ ਆਪਣੇ ਪ੍ਰਾਪਰਟੀ ਟੈਕਸ ਨੂੰ ਜਲਦੀ ਜਮਾ ਕਰਵਾ ਕੇ ਸਰਕਾਰ ਵੱਲੋਂ ਜੁਰਮਾਨੇ ਅਤੇ ਬਿਆਜ ਤੋਂ ਮਿਲ ਰਹੀ ਛੋਟ ਦੇ ਨਾਲ-ਨਾਲ 10 ਫੀਸਦੀ ਛੋਟ ਦਾ ਲਾਭ ਜ਼ਰੂਰ ਲੈ ਸਕਦੇ ਹਨ। ਇਸ ਤੋਂ ਇਲਾਵਾ, ਜੇਕਰ 31 ਅਕਤੂਬਰ 2025 ਤੋਂ ਬਾਅਦ ਪ੍ਰਾਪਰਟੀ ਟੈਕਸ ਭਰਿਆ ਗਿਆ, ਤਾਂ ਇਹ ਟੈਕਸ ਜੁਰਮਾਨੇ ਅਤੇ ਬਿਆਜ ਸਮੇਤ ਵਸੂਲਿਆ ਜਾਵੇਗਾ ਅਤੇ ਲਾਜ਼ਮੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
