ਕੀ ਹੈ ਖਾਲਸਾ ਸਾਜਨਾ ਦਿਵਸ ਦਾ ਇਤਿਹਾਸ, ਕਿਉਂ ਮਨਾਇਆ ਜਾਂਦਾ ਹੈ ਵਿਸਾਖੀ ਦਾ ਤਿਉਹਾਰ, ਜਾਣੋ – 

ਨਿਊਜ਼ ਪੰਜਾਬ

13 ਅਪ੍ਰੈਲ 2025

ਵਿਸਾਖੀ ਸਿੱਖ ਧਰਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਧਾਰਮਿਕ ਤਿਉਹਾਰ ਹੈ। ਇਹ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਦਿਨ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਮੌਕਾ ਮੰਨਿਆ ਜਾਂਦਾ ਹੈ। 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਪੰਜ ਪਿਆਰੇ ਬਣਾਏ ਜੋ ਸੱਚਾਈ, ਬਹਾਦੁਰੀ, ਨਿਆਂ ਅਤੇ ਸਮਰਪਣ ਦੀ ਮਿਸਾਲ ਬਣੇ। ਇਹ ਦਿਨ ਸਿੱਖ ਧਰਮ ਦੇ ਜਨਮ ਦਿਵਸ ਵਜੋਂ ਵੀ ਮੰਨਿਆ ਜਾਂਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕੇਸ, ਕੰਘਾ, ਕਛਿਹਰਾ, ਕਰਪਾਨ ਅਤੇ ਕੜਾ – ਇਹ ਪੰਜ ਕਕਾਰ ਦਿੱਤੇ ਜੋ ਖਾਲਸੇ ਦੀ ਪਛਾਣ ਹਨ। ਇਸ ਦਿਨ ਸਿੱਖ ਧਰਮ ਨੇ ਇੱਕ ਨਵੀਂ ਸ਼ਕਤੀ ਅਤੇ ਨਵੀਂ ਪਹਚਾਣ ਹਾਸਿਲ ਕੀਤੀ। ਵਿਸਾਖੀ ਸਿੱਖਾਂ ਲਈ ਏਕਤਾ, ਸਹਿਸ, ਅਧਿਆਤਮਕਤਾ ਅਤੇ ਸੇਵਾ ਦੀ ਪ੍ਰੇਰਣਾ ਦਾ ਦਿਨ ਹੈ।

ਖਾਲਸਾ ਪੰਥ ਦੀ ਸਥਾਪਨਾ

1699 ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਇਕ ਮਹਾਨ ਸਭਾ ਬੁਲਾਈ ਸੀ, ਇਸ ਸਭਾ ਵਿਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ।

ਗੁਰੂ ਸਾਹਿਬ ਨੇ ਉਹਨਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿਚ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ

ਸਿੱਖ ਵਿਸਾਖੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਗੁਰਦੁਆਰਿਆਂ ਵਿੱਚ ਵਿਸ਼ੇਸ਼ ਦੀਵਾਨ ਲਗਦੇ ਹਨ, ਨਗਰ ਕੀਰਤਨ ਕੱਢੇ ਜਾਂਦੇ ਹਨ ਅਤੇ ਲੰਗਰ ਸਜਾਏ ਜਾਂਦੇ ਹਨ। ਵਿਸਾਖੀ ਸਿੱਖ ਧਰਮ ਦੀ ਆਤਮਕ ਤਾਕਤ ਅਤੇ ਇਤਿਹਾਸਕ ਵਿਰਾਸਤ ਦੀ ਯਾਦ ਦਿਲਾਉਂਦਾ ਹੈ।

ਇਸ ਦਿਨ ਨੂੰ ਵੈਸਾਖ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਇਹ ਹਰ ਸਾਲ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ। ਆਮ ਤੌਰ ‘ਤੇ ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿਚ ਵੀ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ।

ਵੈਸਾਖ ਮਹੀਨੇ ਦੀ ਪਹਿਲੀ ਤਾਰੀਖ ਨੂੰ ਲੱਗਣ ਵਾਲੇ ਮੇਲੇ ਨੂੰ ਵਿਸਾਖੀ ਕਹਿੰਦੇ ਹਨ। ਵਸਾਖੀ ਦੇ ਤਿਉਹਾਰ/ਮੇਲੇ ਨੂੰ ਕਈ ਕਾਰਨਾਂ ਕਰਕੇ ਪਵਿੱਤਰ ਮੰਨਿਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਥੋੜੀ-ਥੋੜੀ ਜਮੀਨ ਤੇ ਖੇਤੀ ਕੀਤੀ ਜਾਂਦੀ ਸੀ। ਇਸ ਲਈ ਫ਼ਸਲਾਂ ਦੀ ਜੰਗਲੀ ਪਸ਼ੂਆਂ ਅਤੇ ਜਾਨਵਰਾਂ ਤੋਂ ਰਾਖੀ ਕਰਨੀ ਪੈਂਦੀ ਸੀ।

ਵਿਸਾਖੀ ਨੂੰ ਫ਼ਸਲਾਂ ਪੱਕ ਜਾਂਦੀਆਂ ਸਨ। ਇਸ ਲਈ ਫ਼ਸਲਾਂ ਪੱਕ ਜਾਣ ਤੇ ਲੋਕ ਖੁਸ਼ੀਆਂ ਮਨਾਉਂਦੇ ਸਨ। ਫ਼ਸਲਾਂ ਦੀ ਵਾਢੀ, ਵਿਸ਼ੇਸ਼ ਤੌਰ ਤੇ ਕਣਕ ਦੀ ਵਾਢੀ ਵਿਸਾਖੀ ਨੂੰ ਸ਼ੁਰੂ ਕੀਤੀ ਜਾਂਦੀ ਸੀ। ਲੋਕ ਖੁਸ਼ੀ ਵਿਚ ਨੱਚਦੇ ਸਨ। ਭੰਗੜਾ ਪਾਉਂਦੇ ਸਨ। ਥਾਂ-ਥਾਂ ਮੇਲੇ ਲੱਗਦੇ ਸਨ।

ਇਸ ਤਰ੍ਹਾਂ ਵਿਸਾਖੀ ਨੂੰ ਇਕ ਮੌਸਮੀ ਤਿਉਹਾਰ ਦੇ ਤੌਰ ਤੇ ਮਨਾਇਆ ਜਾਂਦਾ ਸੀ/ਹੈ। ਵਸਾਖੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1699 ਵਿਚ ਅਨੰਦਪੁਰ ਸਾਹਿਬ ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਇਆ ਸੀ ਅਤੇ ਫੇਰ ਉਨ੍ਹਾਂ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਸੀ। ਇਸ ਲਈ ਵਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਚ ਬਹੁਤ ਭਾਰੀ ਧਾਰਮਿਕ ਇਕੱਠ ਹੁੰਦਾ ਹੈ।

ਖਾਲਸਾ ਪੰਥ ਦਿਵਸ ਅਤੇ ਵਿਸਾਖੀ ਦੀਆ ਆਪ ਸਭ ਨੂੰ ਨਿਊਜ਼ ਪੰਜਾਬ ਵੱਲੋ ਲੱਖ ਲੱਖ ਵਧਾਈਆਂ ਜੀ