ਲੁਧਿਆਣਾ – ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਕੰਟੋਨਮੈਂਟ ਜੋਨ ਦੌਰੇ ਦੌਰਾਨ ਕੀਤੀ ਇਲਾਕਾ ਵਾਸੀਆਂ ਨਾਲ ਮੁਲਾਕਾਤ
ਇਸ ਦੌਰੇ ਦਾ ਮੁੱਖ ਟੀਚਾ ਇਲਾਕਾ ਨਿਵਾਸੀਆਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਿਕਲਾਂ ਦਾ ਹੱਲ ਲੱਭਣਾ – ਵਰਿੰਦਰ ਸ਼ਰਮਾ
ਨਮੂਨੇ ਲੈਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਹਾਇਤਾ ਦੇਣ ‘ਤੇ ਜ਼ੋਰ
ਸ਼ਹਿਰ ਵਾਸੀਆਂ ਨੂੰ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਕਰਨੀ ਚਾਹੀਦੀ ਹੈ – ਰਾਕੇਸ਼ ਕੁਮਾਰ ਅਗਰਵਾਲ
ਨਿਊਜ਼ ਪੰਜਾਬ
ਲੁਧਿਆਣਾ, 14 ਜੁਲਾਈ – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਅਤੇ ਹੋਰ ਜ਼ਿਲ੍ਹਾ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੰਟੇਨਮੈਂਟ ਜ਼ੋਨਾਂ ਦਾ ਅੱਜ ਦੌਰਾ ਕੀਤਾ ਗਿਆ। ਉਨ੍ਹਾਂ ਨਾ ਸਿਰਫ ਵਸਨੀਕਾਂ ਨਾਲ ਗੱਲਬਾਤ ਕੀਤੀ ਸਗੋਂ ਉਨ੍ਹਾਂ ਨੂੰ ਮਾਸਕ ਵੀ ਵੰਡੇ।
ਇਸ ਦੌਰੇ ਦਾ ਮੁੱਖ ਟੀਚਾ ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਰਹਿ ਰਹੇ ਵਸਨੀਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਿਕਲਾਂ ਦਾ ਪਤਾ ਲਗਾਉਣਾ ਅਤੇ ਉਸਦਾ ਹੱਲ ਕਰਨਾ ਸੀ। ਉਨ੍ਹਾਂ ਨਾਲ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ.ਰਾਜੇਸ ਕੁਮਾਰ ਬੱਗਾ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਦੀਪਕ ਪਾਰੀਕ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਕੰਟੇਨਮੈਂਟ ਜੋਂਨ ਅਤੇ ਮਾਈਕਰੋ ਕੰਟੋਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਲੈਣ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ ਕਿਉਕਿ ਇਹ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਹੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਸ਼ਿਕਾਇਤਾਂ ਸਨ ਕਿ ਕੁੱਝ ਇਲਾਕਿਆਂ ਦੇ ਲੋਕ ਨਮੂਨੇ ਦੇਣ ਤੋਂ ਇੰਨਕਾਰ ਕਰ ਰਹੇ ਹਨ, ਪਰ ਅਜਿਹੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿਹਤ ਵਿਭਾਗ ਦਾ ਅਮਲਾ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਅਣਥੱਕ ਮਿਹਨਤ ਕਰ ਰਿਹਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਮੂਨੇ ਬਿਲਕੁੱਲ ਮੁਫ਼ਤ ਇਕੱਤਰ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ 1 ਕੰਟੇਨਮੈਂਟ ਅਤੇ 5 ਮਾਈਕਰੋ ਕੰਟੇਨਮੈਂਟ ਜੋਨ ਹਨ ਅਤੇ ਇਨ੍ਹਾਂ ਇਲਾਕਿਆਂ ਦੇ ਘੇਰੇ ਦਾ ਕੰਟਰੋਲ ਸਖ਼ਤੀ ਨਾਲ ਕੀਤਾ ਗਿਆ ਹੈ।
ਉਨ੍ਹਾਂ ਵਸਨੀਕਾਂ ਨੂੰ ਹਮੇਸ਼ਾ ਮਾਸਕ ਪਹਿਨਣ, ਸਰੀਰਕ ਦੂਰੀ ਬਣਾਈ ਰੱਖਣ ਅਤੇ ਹੱਥਾਂ ਦੀ ਸਫਾਈ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾ ਇਹ ਵੀ ਕਿਹਾ ਕਿ ਉਹ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਜ਼ਿਨ੍ਹਾਂ ਨੂੰ ਟਾਲਿਆ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਦੌਰਾਨ ਸੂਬੇ ਵਿੱਚ ਪੋਜ਼ਟਿਵ ਮਰੀਜ਼ਾਂ ਦੀ ਗਿਣਤੀ ਵਧੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਹੁਣ ਇੱਕ ਵਿਆਹ ਵਿੱਚ ਸਿਰਫ 30 ਵਿਅਕਤੀਆਂ ਦੇ ਇਕੱਠੇ ਹੋਣ ਦੀ ਆਗਿਆ ਹੈ, ਜ਼ਿਲ੍ਹੇ ਵਿੱਚ ਸੰਸਕਾਰ ਸਮੇਂ 20 ਵਿਅਕਤੀਆਂ ਅਤੇ ਸੀ.ਆਰ.ਪੀ.ਸੀ. ਦੀ ਧਾਰਾ 144 ਲਗਾਈ ਗਈ ਹੈ, ਜਿਸ ਦਾ ਅਰਥ ਹੈ ਕਿ 5 ਤੋਂ ਵੱਧ ਵਿਅਕਤੀ ਇੱਕ ਥਾਂ ‘ਤੇ ਇਕੱਠੇ ਨਹੀਂ ਹੋ ਸਕਦੇ।
ਪੁਲਿਸ ਕਮਿਸ਼ਨਰ ਸ੍ਰੀ ਰਾਕੇਸ ਕੁਮਾਰ ਅਗਰਵਾਲ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਕਿਉਂਕਿ ਇਹ ਇਲਾਕਾ ਨਿਵਾਸੀਆਂ ਦੀ ਸੁਰੱਖਿਆ ਲਈ ਬਣਾਏ ਗਏ ਹਨ। ਉਨ੍ਹਾਂ ਕਿਸੇ ਵੀ ਉਲੰਘਣਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ।