ਮੋਦੀ ਵਲੋਂ “ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ” ਨੂੰ ਨਵੰਬਰ ਦੇ ਅੰਤ ਤੱਕ ਵਧਾਉਣ ਦਾ ਐਲਾਨ – ਪੜ੍ਹੋ ਹੋਰ ਵੀ ਕਈ ਐਲਾਨ

ਨਿਊਜ਼ ਪੰਜਾਬ

ਨਵੀ ਦਿੱਲੀ, 30 ਜੂਨ -ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ ” ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ” ਨੂੰ ਨਵੰਬਰ ਦੇ ਅੰਤ ਤੱਕ ਵਧਾਉਣ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤਾਲਾਬੰਦੀ ਦੌਰਾਨ ਲੋੜਵੰਦਾਂ ਨੂੰ ਭੋਜਨ ਦਾ ਪ੍ਰਬੰਧ ਕਰਨਾ  ਦੇਸ਼ ਦੀ ਸਭ ਤੋਂ ਵੱਡੀ ਤਰਜੀਹ ਰਹੀ ਹੈ। ਜਿਵੇਂ ਹੀ ਤਾਲਾਬੰਦੀ ਦਾ ਐਲਾਨ ਹੋਇਆ, ਸਰਕਾਰ ਨੇ ਪੀਐਮ ਗਰੀਬ ਕਲਿਆਣ ਯੋਜਨਾ ਨੂੰ ਲਿਆਂਦਾ, ਜਿਸ ਦੇ ਤਹਿਤ ਗਰੀਬਾਂ ਲਈ 1.75 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ 20 ਕਰੋੜ ਗਰੀਬ ਪਰਿਵਾਰਾਂ ਦੇ ਜਨਧਨ ਖਾਤਿਆਂ ਵਿੱਚ 31,000 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ, 18,000 ਕਰੋੜ ਰੁਪਏ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਹਨ ਅਤੇ 50,000 ਕਰੋੜ ਰੁਪਏ ਪੀਐਮ ਗਰੀਬ ਕਲਿਆਣ ਅਭਿਆਨ ਉੱਤੇ ਖਰਚ ਕੀਤੇ ਜਾ ਰਹੇ ਹਨ

ਪੀਐਮ ਗਰੀਬ ਕਲਿਆਣ ਅੰਨ ਯੋਜਨਾ ਨਵੰਬਰ ਤੱਕ ਵਧੀ
ਪ੍ਰਧਾਨ ਮੰਤਰੀ ਨੇ ਕਿਹਾ ਕਿ 80 ਕਰੋੜ ਤੋਂ ਵੱਧ ਲੋਕਾਂ ਨੂੰ ਤਿੰਨ ਮਹੀਨੇ ਲਈ ਮੁਫ਼ਤ ਰਾਸ਼ਨ ਦੇਣ ਦੇ ਫੈਸਲੇ ਕੀਤਾ ਹੈ |ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋ ਚਾਵਲ/ਕਣਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪ੍ਰਤੀ ਪਰਿਵਾਰ 1 ਕਿਲੋ ਦਾਲਾਂ ਮਿਲਣਗੀਆਂ | ਉਨ੍ਹਾਂ ਕਿਹਾ, ਜਿਨ੍ਹਾਂ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਗਿਆ ਹੈ, ਉਨ੍ਹਾਂ ਦੀ ਗਿਣਤੀ ਕਈ ਵੱਡੇ ਦੇਸ਼ਾਂ ਦੀ ਆਬਾਦੀ ਨਾਲੋਂ ਕਈ ਗੁਣਾ ਜ਼ਿਆਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਰਸਾਤੀ ਮੌਸਮ ਦੇ ਸ਼ੁਰੂ ਹੋਣ ਨਾਲ ਜ਼ਿਆਦਾਤਰ ਕੰਮ ਖੇਤੀਬਾੜੀ ਖੇਤਰ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਲਗਾਤਾਰ ਕਈ ਤਿਉਹਾਰ ਆਉਂਦੇ ਹਨ, ਜਿਨ੍ਹਾਂ ਵਿੱਚ ਗੁਰੂ ਪੂਰਨਿਮਾ, ਰਕਸ਼ਾਬੰਧਨ, ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ, ਗਣੇਸ਼ ਚਤੁਰਥੀ, ਓਨਾਮ, ਦੁਸਹਿਰਾ, ਦਿਵਾਲੀ , ਛਠ ਪੂਜਾ ਆਦਿ ਸ਼ਾਮਲ ਹਨ। ਉਨ੍ਹਾਂ ਐਲਾਨ ਕੀਤਾ ਕਿ ਇਸ ਸਮੇਂ ਦੌਰਾਨ ਲੋੜਾਂ ਦੇ ਨਾਲ-ਨਾਲ ਖਰਚ ਵਿੱਚ ਵਾਧਾ ਹੋਣ ਦੇ ਮੱਦੇਨਜ਼ਰ ਸਰਕਾਰ ਨੇ ਪੀਐਮ ਗਰੀਬਕਲਿਆਣ ਅੰਨ  ਯੋਜਨਾ ਨੂੰ ਦੀਵਾਲੀ ਅਤੇ ਛਠ ਪੂਜਾ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਯਾਨੀ ਕਿ ਇਹ ਯੋਜਨਾ ਜੁਲਾਈ ਤੋਂ ਨਵੰਬਰ ਦੇ ਅੰਤ ਤੱਕ ਲਾਗੂ ਰਹੇਗੀ। ਇਸ ਪੰਜ ਮਹੀਨਿਆਂ ਦੀ ਮਿਆਦ ਦੌਰਾਨ 80 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਤੀ ਮਹੀਨਾ 5 ਕਿਲੋ ਕਣਕ/ਚਾਵਲ ਮੁਫ਼ਤ ਦਿੱਤੇ ਜਾਣਗੇ। ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋ ਮੁਫ਼ਤ ਚਾਵਲ/ਕਣਕ ਮੁਹੱਈਆ ਕਰਨ ਦੇ ਨਾਲ-ਨਾਲ ਹਰ ਪਰਿਵਾਰ ਨੂੰ 1 ਕਿਲੋ ਮੁਫ਼ਤ ਛੋਲੇ  ਵੀ ਦਿੱਤੇ ਜਾਣਗੇ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਪਿਛਲੇ ਤਿੰਨ ਮਹੀਨਿਆਂ ਵਿਚ ਇਸ ਲਈ ਖਰਚ ਕੀਤੀ ਗਈ ਰਕਮ ਨੂੰ ਇਕੱਠਿਆਂ ਜੋੜ ਲਿਆ  ਜਾਵੇ ਤਾਂ ਇਸ ਯੋਜਨਾ ਲਈ ਲਗਭਗ ਡੇਢ ਲੱਖ ਕਰੋੜ ਰੁਪਏ ਖਰਚ ਹੋਣਗੇ । ਉਨ੍ਹਾਂ ਮਿਹਨਤੀ ਕਿਸਾਨਾਂ ਅਤੇ ਇਮਾਨਦਾਰ ਟੈਕਸ ਦਾਤਾਵਾਂ ਦਾ ਧੰਨਵਾਦ ਕੀਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਵੱਲ ਵਧ ਰਿਹਾ ਹੈ, ਜੋ ਕੰਮ ਦੀ ਤਲਾਸ਼ ਵਿਚ ਦੂਜੇ ਰਾਜਾਂ ਦੀ ਯਾਤਰਾ ਕਰਨ ਵਾਲੇ ਗਰੀਬਾਂ ਲਈ ਬਹੁਤ ਲਾਭਕਾਰੀ  ਹੈ।