ਨਿਊਜ਼ ਪੰਜਾਬ
26 ਨਵੰਬਰ,2026
ਭਾਰਤ ਸਰਕਾਰ ਨੇ ਪਾਕਿਸਤਾਨੀ ਸਮੱਗਰੀ ਨੂੰ ਲੈ ਕੇ ਸਖ਼ਤ ਰੁਖ਼ ਅਪਣਾਉਂਦਿਆਂ OTT ਪਲੇਟਫਾਰਮ Netflix ਨੂੰ ਵੱਡੇ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਵਿੱਚ ਪਾਕਿਸਤਾਨੀ ਮੂਲ ਦੀਆਂ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦੀ ਸਟ੍ਰੀਮਿੰਗ ਨਹੀਂ ਹੋਣੀ ਚਾਹੀਦੀ। ਇਹ ਕਾਰਵਾਈ ਪਾਕਿਸਤਾਨੀ ਵੈੱਬ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਦੇ ਟ੍ਰੇਲਰ ਜਾਰੀ ਹੋਣ ਅਤੇ 4 ਦਸੰਬਰ ਤੋਂ ਇਸ ਦੀ ਸੰਭਾਵਿਤ ਰਿਲੀਜ਼ ਨੂੰ ਲੈ ਕੇ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ Netflix ਨੂੰ 8 ਮਈ 2025 ਦੀ ਸਰਕਾਰੀ ਸਲਾਹ ਦੀ ਪਾਲਣਾ ਕਰਨ ਅਤੇ ਜੂਨ 2025 ਵਿੱਚ ਕੀਤੇ ਆਪਣੇ ਵਾਅਦੇ ’ਤੇ ਕਾਇਮ ਰਹਿਣ ਲਈ ਕਿਹਾ ਹੈ। ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਸਮੱਗਰੀ ਨੂੰ ਲੈ ਕੇ ਭਾਰਤ ਵਿੱਚ ਸਖ਼ਤ ਰੁਖ਼ ਅਪਣਾਇਆ ਗਿਆ ਸੀ। ਹੁਣ ਇਸ ਮਾਮਲੇ ਨੇ ਇੱਕ ਵਾਰ ਫਿਰ ਮਨੋਰੰਜਨ ਜਗਤ ਵਿੱਚ ਚਰਚਾ ਛੇੜ ਦਿੱਤੀ ਹੈ।
