ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੇ ਯੰਗ ਵੋਮੈਨ ਗਰੁੱਪ ਨਾਲ ਹੋਈ ਵਿਚਾਰ ਚਰਚਾ – ਪੀੜ੍ਹੀ ਪਾੜਾ ਘਟਾਉਣ ਦਾ ਯਤਨ 

ਰਿਪੋਰਟ : ਗੁਰਦੀਸ਼ ਕੌਰ ਗਰੇਵਾਲ/ ਚਰਨਦੀਪ ਕੌਰ ਜੁਆਇੰਟ ਸਕੱਤਰ

ਕੈਲਗਰੀ: ( 14 ਨਵੰਬਰ) ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮਿਲਣੀ ਵਿੱਚ 14 ਨਵੰਬਰ ਨੂੰ ਜੈਨੇਸਸ ਸੈਂਟਰ ਵਿਖੇ ਭੈਣਾਂ ਨੇ ਭਰਵੀਂ ਹਾਜ਼ਰੀ ਨਾਲ ਸ਼ਿਰਕਤ ਕੀਤੀ। ਮੀਟਿੰਗ ਦੇ ਆਰੰਭ ਵਿੱਚ ਸਭਾ ਦੇ ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ ਨੇ ਭੈਣਾਂ ਨੂੰ ਜੀ ਆਇਆਂ ਆਖਿਆ ਅਤੇ ਦਿਵਾਲੀ ਦੀ ਵਧਾਈ ਦਿੰਦਿਆਂ ਆਪਸ ਵਿੱਚ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ।

ਵਾਈਸ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ  ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਅਤੇ ਮਿੱਤਰਤਾ ਬਾਰੇ ਕਵਿਤਾਵਾਂ ਗਾ ਕੇ, ਸਭ ਨੂੰ ਝੂਮਣ ਲਾ ਦਿੱਤਾ।

ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਹਾਲ ਹੀ ਵਿੱਚ ਕਰਵਾਏ ਸਲਾਨਾ ਸਮਾਗਮ ਦੀ ਕਾਮਯਾਬੀ ਬਾਰੇ ਹੋ ਰਹੀ ਚਰਚਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਜੇਨੇਸਿਸ ਫਾਰਮੇਸੀ ਵੱਲੋਂ ਦਿੱਤੀ ਜਾਣਕਾਰੀ ਜਿਸ ਵਿੱਚ ਐਲਬਰਟਾ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਮੁਫ਼ਤ ਵੈਕਸੀਨਾ ਲਗਾਉਣ ਬਾਰੇ ਵੀ ਜਾਣੂ ਕਰਵਾਇਆ।

ਸਭਾ ਵਿੱਚ ਨਵੀਆਂ ਆਈਆਂ ਭੈਣਾਂ ਨੂੰ ਖੁਸ਼ਾਮਦੀਦ ਕਿਹਾ ਗਿਆ।

ਇਸ ਸਭਾ ਦਾ ਇੱਕ ਹੋਰ ਵਿਲੱਖਣ ਉਪਰਾਲਾ ਇਹ ਹੈ ਕਿ ਇਹ ਨੌਜਵਾਨਾਂ ਅਤੇ ਸੀਨੀਅਰਜ਼ ਵਿੱਚ ਪੀੜ੍ਹੀ ਪਾੜਾ ਘਟਾਉਣ ਦਾ ਯਤਨ ਕਰਦੀ ਹੈ। ਇਸੇ ਮਨੋਰਥ ਤਹਿਤ, ਯੰਗ ਵੋਮੈਨ ਗਰੁੱਪ ਦੀ ਕੋਆਰਡੀਨੇਟਰ ਮਨਿੰਦਰ ਚਾਨੇ ਅਤੇ ਸਾਥੀ, ਜਿਨ੍ਹਾਂ ਦੇ ਬੱਚੇ ਅਜੇ ਛੋਟੇ ਜਾਂ ਜਵਾਨ ਹਨ , ਉਹਨਾਂ ਨੇ ਮਨ ਦੇ ਕੁੱਝ ਪ੍ਰਸ਼ਨ ਸਾਂਝੇ ਕੀਤੇ- ਜਿਵੇਂ ਘਰੇਲੂ ਹਿੰਸਾ, ਪੁੱਤਰ ਪੈਦਾ ਕਰਨ ਲਈ ਨੂੰਹਾਂ ਤੇ ਦਬਾਅ ਬਣਾਉਣਾ ਜਾਂ ਬੱਚੇ ਜਦੋਂ ਪੜ੍ਹਨ ਯੂਨੀਵਰਸਿਟੀਆਂ ਵਿੱਚ ਚਲੇ ਜਾਂਦੇ ਹਨ ਤਾਂ ਮਾਵਾਂ ਆਪਣੇ ਮਨ ਨੂੰ ਕਿਵੇਂ ਸਮਝਾਉਣ? ਆਦਿ। ਡਾ. ਕੰਵਰਜੀਤ ਕੌਰ ਜੋ ਕਿ ਮਨੋਵਿਗਿਆਨੀ ਵੀ ਹਨ, ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ। ਇਹਨਾਂ ਸਮੱਸਿਆਵਾਂ ਨੂੰ ਬਜ਼ੁਰਗ ਭੈਣਾਂ ਨੇ ਆਪਣੇ ਤਜਰਬੇ ਰਾਹੀਂ ਆਸਾਨੀ ਨਾਲ ਹੱਲ ਕਰਕੇ ਦੱਸਿਆ। 

ਬਲਬੀਰ ਕੌਰ ਗਰੇਵਾਲ, ਪੁਸ਼ਪਿੰਦਰ ਬਾਠ, ਕੁਲਦੀਪ ਕੌਰ ਅਤੇ ਸਰਬਜੀਤ ਉੱਪਲ ਨੇ ਗੀਤਾਂ ਰਾਹੀਂ ਖੂਬ ਰੌਣਕ ਲਗਾਈ। ਮਨਿੰਦਰ ਚਾਨੇ ਅਤੇ ਚਰਨਦੀਪ ਕੌਰ ਨੇ ਕਵਿਤਾ ਦੀ ਹਾਜ਼ਰੀ ਲਵਾਈ। ਚਾਹ ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਅੰਤ ਵਿੱਚ ਭੈਣਾਂ ਨੇ ਗਿੱਧਾ ਪਾ ਕੇ ਮਨ ਖੁਸ਼ ਕੀਤਾ ਅਤੇ ਵਿਦਾਇਗੀ ਲਈ।