ਨਿਊਜ਼ ਪੰਜਾਬ
19 ਨਵੰਬਰ 2026
ਪੰਜਾਬ ਦੇ ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ’ਤੇ ਵੀਰਵਾਰ ਸਵੇਰੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ ’ਤੇ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਹਾਦਸੇ ਸਮੇਂ ਪੁਲ ਤੋਂ ਲੰਘ ਰਹੇ ਦੋ ਟਰੱਕ ਪੁਲ ਦੇ ਨਾਲ ਹੀ ਨਹਿਰ ਵਿੱਚ ਲਟਕ ਗਏ। ਇਸ ਦੌਰਾਨ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ, ਜਿਸ ’ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਪੁਲ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ ਅਤੇ ਟ੍ਰੈਫਿਕ ਨੂੰ ਹੋਰ ਰਸਤਿਆਂ ਵੱਲ ਮੋੜ ਦਿੱਤਾ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਪੁਲ ਦਾ ਨਿਰਮਾਣ ਸਾਲ 2016 ਵਿੱਚ ਹੋਇਆ ਸੀ ਅਤੇ ਪਿਛਲੇ ਸਾਲ ਵੀ ਇਸ ਵਿੱਚ ਦਰਾਰਾਂ ਆਉਣ ਦੀ ਗੱਲ ਸਾਹਮਣੇ ਆਈ ਸੀ, ਜਿਸ ਦੀ ਮੁਰੰਮਤ NHAI ਵੱਲੋਂ ਕਰਵਾਈ ਗਈ ਸੀ। ਕਰੀਬ 10 ਸਾਲ ਪੁਰਾਣੇ ਪੁਲ ਦੇ ਅਚਾਨਕ ਟੁੱਟਣ ਨਾਲ ਇਸ ਦੇ ਨਿਰਮਾਣ ਅਤੇ ਮਜ਼ਬੂਤੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਫਿਲਹਾਲ ਟਰੱਕਾਂ ਵਿੱਚ ਸਵਾਰ ਲੋਕਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਸਥਿਤੀ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
