ਨਿਊਜ਼ ਪੰਜਾਬ
18 ਨਵੰਬਰ,2026
ਦੇਸ਼ ਭਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਬੁੱਧਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨੇ ਦੀ ਕੀਮਤ ਵਿੱਚ 3,200 ਰੁਪਏ ਦੀ ਕਮੀ ਆਈ, ਜਿਸ ਤੋਂ ਬਾਅਦ 10 ਗ੍ਰਾਮ ਸੋਨੇ ਦਾ ਭਾਅ ਘਟ ਕੇ 1,31,027 ਰੁਪਏ ਰਹਿ ਗਿਆ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ ਵੀ 5,900 ਰੁਪਏ ਦੀ ਵੱਡੀ ਗਿਰਾਵਟ ਆਈ ਅਤੇ ਇੱਕ ਕਿਲੋਗ੍ਰਾਮ ਚਾਂਦੀ ਦਾ ਭਾਅ 1,63,818 ਰੁਪਏ ‘ਤੇ ਪਹੁੰਚ ਗਿਆ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ।
ਇਸ ਗਿਰਾਵਟ ਦਾ ਮੁੱਖ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਨੂੰ ਲੈ ਕੇ ਦਿੱਤੇ ਗਏ ਸੰਕੇਤਾਂ ਨੂੰ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਾਫਾ ਬਾਜ਼ਾਰ ਵਿੱਚ 24 ਕੈਰੇਟ ਸੋਨਾ 3,000 ਰੁਪਏ ਘਟ ਕੇ 1,31,505 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 4,400 ਰੁਪਏ ਸਸਤੀ ਹੋ ਕੇ 1,64,506 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਆਪਣੇ ਰਿਕਾਰਡ ਉੱਚ ਪੱਧਰ ਦੇ ਮੁਕਾਬਲੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆ ਚੁੱਕੀ ਹੈ। ਕੀਮਤਾਂ ਵਿੱਚ ਇਸ ਗਿਰਾਵਟ ਕਾਰਨ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਦੀ ਨਜ਼ਰ ਹੁਣ ਸਰਾਫਾ ਬਾਜ਼ਾਰ ‘ਤੇ ਟਿਕੀ ਹੋਈ ਹੈ।
