ਨਿਊਜ਼ ਪੰਜਾਬ
18 ਨਵੰਬਰ,2026
ਰੂਸ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਦੱਖਣ-ਪੱਛਮੀ ਸਾਇਬੇਰੀਆ ਦੇ ਕੇਮੇਰੋਵੋ ਖੇਤਰ ਵਿੱਚ ਰੂਸੀ ਫੌਜ ਦਾ An-12 ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ 19 ਲੋਕਾਂ ਦੀ ਮੌਤ ਹੋ ਗਈ। ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦੁਖਦਾਈ ਹਾਦਸੇ ਦੀ ਪੁਸ਼ਟੀ ਕੀਤੀ। ਮੁੱਢਲੀ ਜਾਂਚ ਮੁਤਾਬਕ ਜਹਾਜ਼ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਜਹਾਜ਼ ਇੱਕ ਸੁੰਨਸਾਨ ਇਲਾਕੇ ਵਿੱਚ ਡਿੱਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਟੀਮਾਂ ਨੇ ਜਹਾਜ਼ ਵਿੱਚ ਲੱਗੀ ਅੱਗ ‘ਤੇ ਕਾਬੂ ਪਾ ਲਿਆ। ਖੇਤਰ ਦੇ ਗਵਰਨਰ ਇਲਿਆ ਸੇਰੇਡਯੁਕ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਰੂਸ ਨੂੰ ਯੂਕਰੇਨ ਵੱਲੋਂ ਕੀਤੇ ਜਾ ਰਹੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਕਾਰਨ ਸੁਰੱਖਿਆ ਸਬੰਧੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ 24 ਘੰਟਿਆਂ ਦੌਰਾਨ 1,441 ਯੂਕਰੇਨੀ ਡਰੋਨਾਂ ਨੂੰ ਰੋਕਿਆ ਹੈ। ਇਨ੍ਹਾਂ ਹਮਲਿਆਂ ਕਾਰਨ ਰੂਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ‘ਤੇ ਵੀ ਦਬਾਅ ਵਧ ਰਿਹਾ ਹੈ। ਹਾਲਾਂਕਿ ਜਹਾਜ਼ ਹਾਦਸੇ ਦਾ ਮੁੱਢਲਾ ਕਾਰਨ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ, ਪਰ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।
