ਦਿੱਲੀ-NCR ‘ਚ ਪ੍ਰਦੂਸ਼ਣ ਦਾ ਕਹਿਰ ਜਾਰੀ, ਕਈ ਇਲਾਕਿਆਂ ਦਾ AQI 500 ਤੋਂ ਪਾਰ, ਸਕੂਲਾਂ ਲਈ ਨਵੇਂ ਹੁਕਮ ਜਾਰੀ

ਨਿਊਜ਼ ਪੰਜਾਬ

12 ਨਵੰਬਰ,2026

ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਤੋਂ ਫਿਲਹਾਲ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋ ਗਈ ਹੈ ਅਤੇ ਕਈ ਥਾਵਾਂ ‘ਤੇ ਏਅਰ ਕੁਆਲਿਟੀ ਇੰਡੈਕਸ (AQI) 500 ਦੇ ਪਾਰ ਦਰਜ ਕੀਤਾ ਗਿਆ ਹੈ। ਅੰਕੜਿਆਂ ਅਨੁਸਾਰ ਨੋਇਡਾ ਵਿੱਚ AQI 533, ਸੋਨੀਆ ਵਿਹਾਰ ਵਿੱਚ 525, ਮਾਡਲ ਟਾਊਨ ਵਿੱਚ 523 ਅਤੇ ਆਨੰਦ ਵਿਹਾਰ ਵਿੱਚ 521 ਤੱਕ ਪਹੁੰਚ ਗਿਆ ਹੈ। ਪ੍ਰਦੂਸ਼ਣ ਕਾਰਨ ਅਕਸ਼ਰਧਾਮ ਸਮੇਤ ਕਈ ਇਲਾਕਿਆਂ ਵਿੱਚ ਧੂੰਏਂ ਦੀ ਮੋਟੀ ਪਰਤ ਛਾਈ ਹੋਈ ਹੈ। ਮਾਹਿਰਾਂ ਅਨੁਸਾਰ ਇਸ ਵਧਦੇ ਪ੍ਰਦੂਸ਼ਣ ਪਿੱਛੇ ਸਿਰਫ਼ ਪਰਾਲੀ ਸਾੜਨਾ ਅਤੇ ਪਟਾਕੇ ਹੀ ਨਹੀਂ, ਸਗੋਂ ਵਾਹਨਾਂ, ਉਦਯੋਗਾਂ ਅਤੇ ਗੁਆਂਢੀ ਜ਼ਿਲ੍ਹਿਆਂ ਤੋਂ ਆਉਣ ਵਾਲਾ ਪ੍ਰਦੂਸ਼ਣ ਵੀ ਵੱਡੇ ਕਾਰਨ ਹਨ। ਹਾਲਾਤ ਨੂੰ ਦੇਖਦਿਆਂ GRAP-3 ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਗੌਤਮ ਬੁੱਧ ਨਗਰ ਵਿੱਚ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਹਾਈਬ੍ਰਿਡ ਸਿੱਖਿਆ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਤਹਿਤ ਸਕੂਲਾਂ ਵਿੱਚ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾਵੇਗੀ। ਵਧਦੇ ਪ੍ਰਦੂਸ਼ਣ ਨੇ ਲੋਕਾਂ ਦੀ ਸਿਹਤ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।