ਦੀਵਾਲੀ ਅਤੇ ਬੰਦੀ ਛੋੜ ਦਿਵਸ: ਆਜ਼ਾਦੀ, ਕੁਰਬਾਨੀ ਅਤੇ ਰੌਸ਼ਨੀ ਦਾ ਪਵਿੱਤਰ ਸੰਦੇਸ਼……ਨਿਊਜ਼ ਪੰਜਾਬ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ।

ਨਿਊਜ਼ ਪੰਜਾਬ 

ਦੀਵਾਲੀ ਅਤੇ ਬੰਦੀ ਛੋੜ ਦਿਵਸ: ਆਜ਼ਾਦੀ, ਕੁਰਬਾਨੀ ਅਤੇ ਰੌਸ਼ਨੀ ਦਾ ਪਵਿੱਤਰ ਸੰਦੇਸ਼

ਦੀਵਾਲੀ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਵਿੱਚ ਖੁਸ਼ੀਆਂ, ਰੌਸ਼ਨੀ ਅਤੇ ਆਪਸੀ ਸਾਂਝ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਇਸ ਦਿਨ ਦੀ ਵਿਸ਼ੇਸ਼ ਮਹੱਤਤਾ ਹੈ, ਕਿਉਂਕਿ ਇਸ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।

ਇਤਿਹਾਸਕ ਮਾਨਤਾਵਾਂ ਅਨੁਸਾਰ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਗਿਆ ਸੀ। ਜਦੋਂ ਗੁਰੂ ਸਾਹਿਬ ਜੀ ਦੀ ਰਿਹਾਈ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਆਪਣੇ ਨਾਲ ਕੈਦ 52 ਰਾਜਿਆਂ ਨੂੰ ਵੀ ਰਿਹਾਅ ਕਰਵਾਉਣ ਦੀ ਸ਼ਰਤ ਰੱਖੀ। ਗੁਰੂ ਸਾਹਿਬ ਜੀ ਨੇ ਆਪਣੇ ਚੋਲੇ ਨਾਲ 52 ਕਲੀਆਂ ਲਗਵਾਈਆਂ ਅਤੇ ਸਾਰੇ ਰਾਜਿਆਂ ਨੂੰ ਆਜ਼ਾਦ ਕਰਵਾਇਆ। ਇਸ ਮਹਾਨ ਘਟਨਾ ਕਰਕੇ ਆਪ ਜੀ ਨੂੰ ‘ਬੰਦੀ ਛੋੜ ਦਾਤਾ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਇਹ ਦਿਹਾੜਾ ਸਾਨੂੰ ਸਿਰਫ਼ ਦੀਵੇ ਜਗਾਉਣ ਅਤੇ ਖੁਸ਼ੀਆਂ ਮਨਾਉਣ ਦਾ ਹੀ ਨਹੀਂ, ਸਗੋਂ ਦੂਜਿਆਂ ਦੀ ਆਜ਼ਾਦੀ, ਹੱਕਾਂ ਅਤੇ ਭਲਾਈ ਲਈ ਖੜ੍ਹੇ ਹੋਣ ਦਾ ਸੰਦੇਸ਼ ਵੀ ਦਿੰਦਾ ਹੈ। ਗੁਰੂ ਸਾਹਿਬ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਮਹਾਨਤਾ ਆਪਣੇ ਲਈ ਨਹੀਂ, ਸਗੋਂ ਦੂਜਿਆਂ ਦੇ ਦੁੱਖ ਦੂਰ ਕਰਨ ਅਤੇ ਉਨ੍ਹਾਂ ਨੂੰ ਆਜ਼ਾਦੀ ਦਿਵਾਉਣ ਵਿੱਚ ਹੈ।ਅੱਜ ਲੋੜ ਹੈ ਕਿ ਅਸੀਂ ਇਸ ਪਵਿੱਤਰ ਦਿਹਾੜੇ ਨੂੰ ਸਾਦਗੀ, ਸੇਵਾ, ਸਿਮਰਨ ਅਤੇ ਮਨੁੱਖਤਾ ਦੇ ਭਲੇ ਦੀ ਭਾਵਨਾ ਨਾਲ ਮਨਾਈਏ। ਆਓ, ਆਪਣੇ ਮਨਾਂ ਵਿੱਚੋਂ ਨਫ਼ਰਤ, ਹੰਕਾਰ ਅਤੇ ਈਰਖਾ ਦੇ ਹਨੇਰੇ ਨੂੰ ਦੂਰ ਕਰਕੇ ਪਿਆਰ, ਸਾਂਝ ਅਤੇ ਸਦਭਾਵਨਾ ਦੇ ਦੀਵੇ ਜਗਾਈਏ।

ਬੰਦੀ ਛੋੜ ਦਿਵਸ ਸਾਨੂੰ ਇਹੀ ਪ੍ਰੇਰਨਾ ਦਿੰਦਾ ਹੈ ਕਿ ਅਸਲ ਰੌਸ਼ਨੀ ਦੀਵਿਆਂ ਨਾਲ ਨਹੀਂ, ਸਗੋਂ ਮਨੁੱਖਤਾ ਅਤੇ ਨੇਕੀ ਦੇ ਕਰਮਾਂ ਨਾਲ ਫੈਲਦੀ ਹੈ।

ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ”ਬੰਦੀ ਛੋੜ ਦਿਵਸ” ਅਤੇ “ਦੀਵਾਲੀ”ਦੀਆਂ ਸਭ ਨੂੰ ਨਿਊਜ਼ ਪੰਜਾਬ ਵੱਲੋਂ ਲੱਖ-ਲੱਖ ਵਧਾਈਆਂ ਜੀ