ਨਿਊਜ਼ ਪੰਜਾਬ
7 ਨਵੰਬਰ 2026
ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਹੈਰੀ ਬਾਕਸਰ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਦਿੱਤੀ ਗਈ ਪੱਕੀ ਜਾਣਕਾਰੀ ਦੇ ਆਧਾਰ ‘ਤੇ ਉਸ ਨੂੰ ਬੀਤੀ ਰਾਤ ਫੜਿਆ ਗਿਆ। ਹੈਰੀ ਬਾਕਸਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ ਅਤੇ ਕਥਿਤ ਤੌਰ ‘ਤੇ ਅਮਰੀਕਾ ਵਿੱਚ ਬੈਠ ਕੇ ਗੈਂਗ ਦੀਆਂ ਗਤੀਵਿਧੀਆਂ ਚਲਾ ਰਿਹਾ ਸੀ। ਫਰਵਰੀ ਮਹੀਨੇ ਵਿੱਚ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਮੁੰਬਈ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਉਸ ਨੇ ਲਈ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ਪੋਸਟਾਂ ਅਤੇ ਆਡੀਓ ਸੁਨੇਹਿਆਂ ਰਾਹੀਂ ਕਈ ਬਾਲੀਵੁੱਡ ਹਸਤੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਹੈਰੀ ਬਾਕਸਰ ਖ਼ਿਲਾਫ਼ ਕਤਲ, ਜਬਰਨ ਵਸੂਲੀ ਅਤੇ ਧਮਕੀਆਂ ਦੇਣ ਸਮੇਤ ਕਈ ਗੰਭੀਰ ਮਾਮਲੇ ਦਰਜ ਦੱਸੇ ਜਾ ਰਹੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਗੈਂਗਸਟਰ ਹਿਮਾਂਸ਼ੂ ਭਾਊ ਅਤੇ ਨੀਰਜ ਫਰੀਦਪੁਰੀਆ ਨੂੰ ਵੀ ਅਮਰੀਕਾ ਵਿੱਚ ਹਿਰਾਸਤ ਵਿੱਚ ਲਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।
