ਨਵਾਂ ਸ਼ਹਿਰ ਦੀਆਂ 466 ਪੰਚਾਇਤਾਂ ਕੋਰੋਨਾ ਖਿਲਾਫ਼ ਜੰਗ ਚ ਨਿੱਤਰੀਆਂ

ਪਿੰਡ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਪ੍ਰੇਰਿਆ
ਡੀ ਡੀ ਪੀ ਓ ਦਵਿੰਦਰ ਸ਼ਰਮਾ ਤੇ ਸਮੂਹ ਬੀ ਡੀ ਪੀ ਓਜ਼ ਖੁਦ ਅਗਵਾਈ ਕਰਨ ਨਿਤਰੇ
 ਨਿਊਜ਼ ਪੰਜਾਬ
ਨਵਾਂ ਸ਼ਹਿਰ, 28 ਜੂਨ- ਮਿਸ਼ਨ ਫਤਿਹ ਤਹਿਤ ਲੋਕ ਜਾਗਰੂਕਤਾ ਹਿਤ ਅੱਜ ਜ਼ਿਲ੍ਹੇ ਦੀਆਂ 466 ਪੰਚਾਇਤਾਂ ਕੋਰੋਨਾ ਖਿਲਾਫ਼ ਜੰਗ ਚ ਨਿੱਤਰੀਆਂ। ਅੱਜ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਵਲੋਂ ਪਿੰਡ ਪੱਧਰ ਤੇ ਕੋਵਿਡ ਤੋਂ ਬਚਾਅ ਲਈ ਪੰਜਾਬ ਭਰ ਚ ਮੁਹਿੰਮ ਵਿੱਢੀ ਗਈ ਸੀ।
ਡੀ ਡੀ ਪੀ ਓ ਦਵਿੰਦਰ ਸ਼ਰਮਾ ਜੋ ਕਿ ਖੁਦ ਇਸ ਜਾਗਰੂਕਤਾ ਮੁਹਿੰਮ ਦੀ ਅਗਵਾਈ ਕਰ ਰਹੇ ਸਨ, ਨੇ ਪਿੰਡ ਲੰਗੜੋਆ ਵਿਖੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਮਿਸ਼ਨ ਫਤਿਹ ਦਾ ਮੰਤਵ ਦਸਦੇ ਹੋਏ, ਇਸ ਦਾ ਹਿੱਸਾ ਬਣ ਕੋਵਿਡ ਤੋਂ ਆਪੋ ਆਪਣੇ ਪਿੰਡਾਂ ਨੂੰ ਬਚਾਉਣ ਲਈ ਪਹਿਰੇਦਾਰੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਚਾਇਤ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਰਾਜ ਦੇ ਲੋਕਾਂ ਦੀ ਕੋਵਿਡ ਖਿਲਾਫ ਜੰਗ ਚ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਪਿੰਡ ਪੱਧਰ ਤੇ ਪੰਚਾਇਤਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਉਹ ਖਤਰਨਾਕ ਦਿਨ ਵੀ ਦੇਖੇ ਹਨ ਜਦੋਂ ਕੋਵਿਡ ਦੀ ਦਹਿਸ਼ਤ ਦਾ ਹਰ ਪਾਸੇ ਸਾਇਆ ਸੀ ਤੇ ਲੋਕਾਂ ਵਿੱਚ ਕਈ ਤਰਾਂ ਦੇ ਤੌਖਲੇ ਸਨ। ਪਰ ਜ਼ਿਲ੍ਹੇ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇ ਕੇ ਬਿਮਾਰੀ ਦੇ ਸਥਾਨਕ ਪੱਧਰ ਤੇ ਫੈਲਾਅ ਨੂੰ ਰੋਕਿਆ।
ਉਨ੍ਹਾਂ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨੂੰ  ਕੋਵਿਡ ਖਿਲਾਫ ਜੰਗ ਦੇ ਨਾਇਕ ਕਰਾਰ ਦਿੰਦਿਆਂ ਕਿਹਾ ਉਨ੍ਹਾਂ ਨੇ ਪਹਿਲਾਂ ਲਾਕ ਡਾਉਨ ਦੌਰਾਨ ਜਿਸ  ਤਰ੍ਹਾਂ ਆਪਣੇ ਪਿੰਡਾਂ ਦੀ ਨਾਕਾਬੰਦੀ ਕੀਤੀ ਸੀ, ਹੁਣ ਉਸ ਤੋਂ ਥੋੜ੍ਹਾ ਵੱਖਰੇ ਢੰਗ ਨਾਲ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਪ੍ਰੇਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਤਿੰਨ ਮੁੱਖ ਲੋੜਾਂ ਮਾਸਕ, ਸਮਾਜਿਕ ਦੂਰੀ ਤੇ ਵਾਰ ਵਾਰ ਹੱਥ ਧੋਣਾ ਹੀ ਸਾਨੂੰ ਇਸ ਬਿਮਾਰੀ ਤੋਂ ਬਚਾਅ ਸਕਦੀਆਂ ਹਨ, ਇਸ ਲਈ ਲੋਕਾਂ ਨੂੰ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਅੰਗ ਬਣਾਉਣ ਲਈ ਪ੍ਰੇਰਿਆ ਜਾਵੇ।
    ਅੱਜ ਇਸ ਮੁਹਿੰਮ ਦੀ ਬਲਾਕ ਨਵਾਂ ਸ਼ਹਿਰ ਤੇ ਔੜ ਚ ਬੀ ਡੀ ਪੀ ਓ ਰਾਜੇਸ਼ ਚੱਢਾ, ਬਲਾਕ ਬੰਗਾ ਚ ਸੰਦੀਪ ਸਿੰਘ, ਬਲਾਕ ਸੜੋਆ ਚ ਧਰਮਪਾਲ ਤੇ ਬਲਾਕ ਬਲਾਚੌਰ ਚ   ਦਰਸ਼ਨ ਸਿੰਘ ਨੇ  ਅਗਵਾਈ ਕੀਤੀ ਅਤੇ ਆਪਣੇ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਰਾਹੀਂ ਸਮੁੱਚੇ ਪਿੰਡਾਂ ਚ ਸਰਪੰਚਾਂ ਤੇ ਪੰਚਾਂ ਦੁਆਰਾ ਇਸ ਮੁਹਿੰਮ ਨੂੰ ਜਨਤਕ ਮੁਹਿੰਮ ਚ ਬਦਲਿਆ।
ਡਿਪਟੀ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਅੱਜ ਲੋਕਾਂ ਨੂੰ ਕੋਵਿਡ ਤੋਂ ਜਾਗਰੂਕ ਕਰਨ ਲਈ ਮਿਸ਼ਨ ਫਤਿਹ ਤਹਿਤ ਚਲਾਈ ਕਾਮਯਾਬ ਮੁਹਿੰਮ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਅਸਲ ਯੋਧੇ ਉਹ ਹੁੰਦੇ ਹਨ ਜੋ ਕਿ ਸੰਕਟ ਦੇ ਸਮੇਂ ਚ ਸਰਕਾਰ ਅਤੇ ਲੋਕਾਂ ਦਾ ਸਾਥ ਦੇ ਕੇ, ਔਖੀ ਘੜੀ ਨੂੰ ਦੂਰ ਕਰਨ ਚ ਮਦਦ ਕਰਦੇ ਹਨ। ਅੱਜ ਦੀ ਸਥਿਤੀ ਚ ਲੋਕਾਂ ਚ ਜਾਗਰੂਕਤਾ ਪੈਦਾ ਕਰਕੇ ਹੀ ਇਸ ਸੰਕਟ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਤੇ ਯੋਧੇ ਉਹੀ ਮੰਨੇ ਜਾਣਗੇ ਜੋ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਬਿਮਾਰੀ ਦੇ ਖਤਰੇ ਨੂੰ ਘਟਾਉਣਗੇ।