ਦਿੱਲੀ-ਪੁਣੇ ਇੰਡੀਗੋ ਫਲਾਈਟ ‘ਚ ਵੱਡੀ ਲਾਪਰਵਾਹੀ, ਯਾਤਰੀ ਨੇ ਐਮਰਜੈਂਸੀ ਦਰਵਾਜ਼ੇ ਨਾਲ ਕੀਤੀ ਛੇੜਛਾੜ

ਨਿਊਜ਼ ਪੰਜਾਬ

3 ਨਵੰਬਰ 2026

ਦਿੱਲੀ ਤੋਂ ਪੁਣੇ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਉਸ ਸਮੇਂ ਹਲਚਲ ਮਚ ਗਈ, ਜਦੋਂ ਇੱਕ ਯਾਤਰੀ ਨੇ ਕਥਿਤ ਤੌਰ ‘ਤੇ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਐਮਰਜੈਂਸੀ ਦਰਵਾਜ਼ੇ ਦੇ ਲੀਵਰ ਦਾ ਕਵਰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸ ਹਰਕਤ ਕਾਰਨ ਜਹਾਜ਼ ਵਿੱਚ ਅਲਾਰਮ ਵੱਜ ਗਿਆ ਅਤੇ ਚਾਲਕ ਦਲ ਦੇ ਮੈਂਬਰ ਤੁਰੰਤ ਸੁਚੇਤ ਹੋ ਗਏ। ਯਾਤਰੀ ਦੀ ਪਛਾਣ 33 ਸਾਲਾ ਗੌਰਵ ਸਤੇਂਦਰ ਰੌਤੇਲਾ ਵਜੋਂ ਹੋਈ ਹੈ, ਜੋ ਪੁਣੇ ਜ਼ਿਲ੍ਹੇ ਦੇ ਸਾਸਵੜ ਦਾ ਰਹਿਣ ਵਾਲਾ ਹੈ। ਉਹ ਫਲਾਈਟ ਨੰਬਰ 6E6884 ਵਿੱਚ ਐਮਰਜੈਂਸੀ ਐਗਜ਼ਿਟ ਦੇ ਨਾਲ ਵਾਲੀ ਸੀਟ 19D ‘ਤੇ ਬੈਠਾ ਸੀ। ਪੁਲਿਸ ਅਨੁਸਾਰ, ਸ਼ੁਰੂਆਤੀ ਪੁੱਛਗਿੱਛ ਦੌਰਾਨ ਯਾਤਰੀ ਨੇ ਦਾਅਵਾ ਕੀਤਾ ਕਿ ਉਸਨੇ ਸਿਰਫ਼ ਉਤਸੁਕਤਾ ਕਾਰਨ ਲੀਵਰ ਦਾ ਕਵਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਹ ਐਮਰਜੈਂਸੀ ਦਰਵਾਜ਼ੇ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਅਜਿਹੀ ਹਰਕਤ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੀ ਸੀ। ਇਹ ਘਟਨਾ ਸੋਮਵਾਰ ਨੂੰ ਦੁਪਹਿਰ ਕਰੀਬ 12:45 ਵਜੇ ਵਾਪਰੀ, ਜਦੋਂ ਜਹਾਜ਼ ਨੇ ਦਿੱਲੀ ਤੋਂ ਉਡਾਣ ਭਰੀ ਅਤੇ ਲਗਭਗ 2 ਵਜੇ ਪੁਣੇ ਪਹੁੰਚਿਆ। ਇਸ ਮਾਮਲੇ ਵਿੱਚ ਇੰਡੀਗੋ ਦੇ ਚਾਲਕ ਦਲ ਦੇ ਮੈਂਬਰ ਓਮਕਾਰ ਵਿਨੋਦ ਕੁਲਕਰਨੀ ਨੇ ਯਾਤਰੀ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ। ਹਵਾਈ ਅੱਡਾ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਇੰਸਪੈਕਟਰ ਗੋਵਿੰਦ ਪਵਾਰ ਨੇ ਦੱਸਿਆ ਕਿ ਐਮਰਜੈਂਸੀ ਦਰਵਾਜ਼ੇ ਦੇ ਸੁਰੱਖਿਆ ਤੰਤਰ ਨਾਲ ਛੇੜਛਾੜ ਕਰਨਾ ਗੰਭੀਰ ਮਾਮਲਾ ਹੈ, ਕਿਉਂਕਿ ਇਸ ਨਾਲ ਜਹਾਜ਼ ਵਿੱਚ ਮੌਜੂਦ ਹੋਰ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਪੁਲਿਸ ਨੇ ਯਾਤਰੀ ਨੂੰ BNSS ਦੀ ਧਾਰਾ 35(3) ਤਹਿਤ ਨੋਟਿਸ ਜਾਰੀ ਕੀਤਾ ਹੈ ਅਤੇ ਉਸ ਵਿਰੁੱਧ BNS ਦੀ ਧਾਰਾ 125 ਅਤੇ ਏਅਰਕ੍ਰਾਫਟ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਸਾਲ 2024 ਵਿੱਚ ਵੀ ਇਸ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।