ਲੁਧਿਆਣਾ ਵਿੱਚ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ

ਨਿਊਜ਼ ਪੰਜਾਬ

22 ਅਕਤੂਬਰ,2026

ਲੁਧਿਆਣਾ ਵਿੱਚ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤਰ ਰਾਹੁਲ ਸ਼ਰਮਾ (34) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ, ਰਾਹੁਲ ਬੁੱਧਵਾਰ ਦੇਰ ਰਾਤ ਆਪਣੀ ਸਕਾਰਪੀਓ ਕਾਰ ਵਿੱਚ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਮਗਰੋਂ ਉਸ ਨੂੰ ਦੋ ਗੋਲੀਆਂ ਮਾਰੀਆਂ ਗਈਆਂ, ਜੋ ਉਸ ਦੀ ਛਾਤੀ ਅਤੇ ਪਿੱਠ ਵਿੱਚ ਲੱਗੀਆਂ। ਰਾਹੁਲ ਦੇ ਦੋਸਤਾਂ ਨੇ ਪਰਿਵਾਰ ਨੂੰ ਫ਼ੋਨ ਕਰਕੇ ਉਸ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੂਚਨਾ ਦਿੱਤੀ, ਪਰ ਪਰਿਵਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਫੁੱਲਾਂਵਾਲ ਚੌਕ ਤੋਂ ਜੇ ਬਲਾਕ ਮਾਲ ਵੱਲ ਜਾਣ ਵਾਲੀ ਸੜਕ ’ਤੇ ਵਾਪਰੀ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰਾਹੁਲ ਦੀ ਸਕਾਰਪੀਓ ਕਾਰ ਵੀ ਬਰਾਮਦ ਕਰ ਲਈ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਾਹੁਲ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਪਤਨੀ, ਮਾਤਾ-ਪਿਤਾ ਅਤੇ ਵਿਆਹੀ ਭੈਣ ਛੱਡ ਗਿਆ ਹੈ।