ਨਿਊਜ਼ ਪੰਜਾਬ
21 ਅਕਤੂਬਰ,2026
ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਜਾਂਚ ਲਈ CBI ਦੀ ਟੀਮ ਮੰਗਲਵਾਰ ਦੇਰ ਰਾਤ ਮਾਨਸਾ ਪਹੁੰਚ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿਨ ਵੇਲੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਕਤਲ ਦੀ ਪੂਰੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ। CBI ਟੀਮ ਨੇ ਮਾਨਸਾ ਪੁਲਿਸ ਨਾਲ ਸੰਪਰਕ ਕਰਕੇ ਮਾਮਲੇ ਨਾਲ ਸਬੰਧਤ ਫਾਈਲਾਂ ਹਾਸਲ ਕਰ ਲਈਆਂ ਹਨ। ਹੁਣ ਟੀਮ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਜਾਂਚ ਨੂੰ ਅੱਗੇ ਵਧਾਏਗੀ। ਪਰਿਵਾਰ ਦੀ ਮੰਗ ’ਤੇ ਪੰਜਾਬ ਸਰਕਾਰ ਨੇ ਇਹ ਕੇਸ ਪੰਜਾਬ ਪੁਲਿਸ ਤੋਂ CBI ਨੂੰ ਸੌਂਪਿਆ ਹੈ। ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਕੈਮਿਸਟ ਅਸ਼ਵਨੀ ਕੁਮਾਰ ਵੱਲੋਂ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੌਰਾਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਦੋਸ਼ੀ ਦੀ ਲਗਭਗ 34 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਝੋਟਾ ਦੇ ਪਰਿਵਾਰ ਨੂੰ ਦੇਣ ਦੀ ਮੰਗ ਵੀ ਕੀਤੀ ਹੈ। ਹੁਣ ਇਸ ਮਾਮਲੇ ਵਿੱਚ CBI ਦੀ ਜਾਂਚ ਤੋਂ ਪਰਿਵਾਰ ਅਤੇ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਨੂੰ ਕਾਫ਼ੀ ਉਮੀਦਾਂ ਹਨ।
