ਅਮਿਤ ਸ਼ਾਹ ਦੀ ਜਲੰਧਰ ਰੈਲੀ ਤੋਂ ਪਹਿਲਾਂ ਬੰਬ ਦੀ ਧਮਕੀ, ਈਮੇਲ ਨੇ ਵਧਾਈ ਸੁਰੱਖਿਆ ਏਜੰਸੀਆਂ ਦੀ ਚਿੰਤਾ

ਨਿਊਜ਼ ਪੰਜਾਬ

30 ਸਤੰਬਰ,2026

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਵਿੱਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਬੰਬ ਦੀ ਧਮਕੀ ਮਿਲਣ ਕਾਰਨ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 7:07 ਵਜੇ ਇੱਕ ਧਮਕੀ ਭਰੀ ਈਮੇਲ ਭੇਜੀ ਗਈ, ਜਿਸ ਵਿੱਚ ਅਮਿਤ ਸ਼ਾਹ ਦੀ ਰੈਲੀ ਤੋਂ ਇਲਾਵਾ ਜਲੰਧਰ ਦੇ ਕੁਝ ਸਕੂਲਾਂ, ਸ਼੍ਰੀ ਦੇਵੀ ਤਾਲਾਬ ਮੰਦਰ, ਅਦਾਲਤ ਕੰਪਲੈਕਸ ਅਤੇ ਇੱਕ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ। ਈਮੇਲ ਵਿੱਚ ਵੱਖ-ਵੱਖ ਥਾਵਾਂ ’ਤੇ ਬੰਬ ਧਮਾਕਿਆਂ ਲਈ ਖਾਸ ਸਮੇਂ ਵੀ ਦੱਸੇ ਗਏ ਹਨ। ਇਸ ਦੇ ਨਾਲ ਹੀ ਰੈਲੀ ਵਾਲੀ ਥਾਂ ਦੇ ਸਟੇਜ ਹੇਠਾਂ ਆਈਈਡੀ ਲਗਾਏ ਜਾਣ ਅਤੇ ਰੈਲੀ ਵਿੱਚ ਲੋਕਾਂ ਨੂੰ ਲਿਆਉਣ ਵਾਲੀਆਂ ਕਰੀਬ 2,000 ਬੱਸਾਂ ਵਿੱਚੋਂ ਕੁਝ ਬੱਸਾਂ ਵਿੱਚ ਬੰਬ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਧਮਕੀ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰੈਲੀ ਸਥਾਨ ਸਮੇਤ ਸੰਵੇਦਨਸ਼ੀਲ ਥਾਵਾਂ ’ਤੇ ਸੁਰੱਖਿਆ ਜਾਂਚ ਤੇਜ਼ ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਭਾਜਪਾ ਵੱਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨ ਤੋਂ ਬਾਅਦ ਨਸ਼ਾ ਵਿਰੋਧੀ ਰੈਲੀਆਂ ਦੀ ਸਮਾਪਤੀ ਅੱਜ ਜਲੰਧਰ ਵਿੱਚ ਹੋਣ ਵਾਲੀ ਵੱਡੀ ਰੈਲੀ ਨਾਲ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ ਅਤੇ ਕੇਂਦਰ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚੁੱਕੇ ਜਾ ਰਹੇ ਕਦਮਾਂ ਅਤੇ ਅਗਲੇ ਰੋਡਮੈਪ ਬਾਰੇ ਗੱਲ ਕਰਨ ਦੀ ਉਮੀਦ ਹੈ। ਸ਼ਾਹ ਦੇ ਆਉਣ ਤੋਂ ਪਹਿਲਾਂ ਜਲੰਧਰ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਉਹ ਆਦਮਪੁਰ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਦਰਸ਼ਨ ਕਰਨਗੇ ਅਤੇ ਇਸ ਤੋਂ ਬਾਅਦ ਰੈਲੀ ਵਾਲੀ ਥਾਂ ’ਤੇ ਜਾਣਗੇ। ਰੈਲੀ ਤੋਂ ਪਹਿਲਾਂ ਮੰਦਰ ਦੇ ਨੇੜੇ ਸਕੂਲ ਦੇ ਮੈਦਾਨ ਅਤੇ ਰੈਲੀ ਸਥਾਨ ਦੇ ਨੇੜੇ ਹੈਲੀਪੈਡ ਵੀ ਤਿਆਰ ਕੀਤੇ ਗਏ ਹਨ। ਰੈਲੀ ਦੌਰਾਨ ਅਮਿਤ ਸ਼ਾਹ ਉਨ੍ਹਾਂ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨਗੇ ਜਿਨ੍ਹਾਂ ਨੇ ਨਸ਼ਿਆਂ ਕਾਰਨ ਆਪਣੇ ਕਰੀਬੀਆਂ ਨੂੰ ਗੁਆਇਆ ਹੈ। ਧਮਕੀ ਭਰੀ ਈਮੇਲ ਸਾਹਮਣੇ ਆਉਣ ਤੋਂ ਬਾਅਦ ਹੁਣ ਸੁਰੱਖਿਆ ਏਜੰਸੀਆਂ ਲਈ ਰੈਲੀ ਅਤੇ ਇਸ ਨਾਲ ਜੁੜੀਆਂ ਥਾਵਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਬਣ ਗਈ ਹੈ।