“ਅੱਜ ਤੋਂ ਬਾਅਦ ਪੰਜਾਬ ’ਚ ਕਬੱਡੀ ਨਹੀਂ ਖੇਡਾਂਗਾ”, ਰੋਂਦੇ ਹੋਏ ਜੱਗੂ ਹਕਮਵਾਲਾ ਨੇ ਕੀਤਾ ਵੱਡਾ ਐਲਾਨ; ਫਰੀਦਕੋਟ ਟੂਰਨਾਮੈਂਟ ਦੇ ਵਿਵਾਦ ਤੋਂ ਬਾਅਦ ਲਿਆ ਫੈਸਲਾ

ਨਿਊਜ਼ ਪੰਜਾਬ

27 ਸਤੰਬਰ 2026

ਪੰਜਾਬ ਦੇ ਮਸ਼ਹੂਰ ਸਰਕਲ ਸਟਾਈਲ ਕਬੱਡੀ ਖਿਡਾਰੀ ਜਗਦੀਪ ਸਿੰਘ ਜੱਗੂ ਹਕਮਵਾਲਾ ਨੇ ਰੋਂਦੇ ਹੋਏ ਐਲਾਨ ਕੀਤਾ ਹੈ ਕਿ ਉਹ ਅੱਜ ਤੋਂ ਬਾਅਦ ਪੰਜਾਬ ਵਿੱਚ ਕਬੱਡੀ ਟੂਰਨਾਮੈਂਟ ਨਹੀਂ ਖੇਡਣਗੇ। ਜੱਗੂ ਨੇ ਦੇਰ ਰਾਤ ਸੋਸ਼ਲ ਮੀਡੀਆ ’ਤੇ ਇੰਸਟਾਗ੍ਰਾਮ ਲਾਈਵ ਆ ਕੇ ਆਪਣੀ ਹੱਡਬੀਤੀ ਸਾਂਝੀ ਕੀਤੀ ਅਤੇ ਕਿਹਾ ਕਿ ਫਰੀਦਕੋਟ ਦੇ ਬਾਘੇਆਣਾ ਵਿੱਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਵਾਪਰੀ ਘਟਨਾ ਤੋਂ ਉਹ ਬਹੁਤ ਦੁਖੀ ਅਤੇ ਪਰੇਸ਼ਾਨ ਹਨ। ਉਨ੍ਹਾਂ ਮੁਤਾਬਕ ਟੂਰਨਾਮੈਂਟ ਦੌਰਾਨ ਹੋਏ ਹੰਗਾਮੇ ਅਤੇ ਰੈਫਰੀ ਨਾਲ ਜੁੜੇ ਵਿਵਾਦ ਕਾਰਨ ਉਹ ਇਹ ਮੁਸ਼ਕਿਲ ਫੈਸਲਾ ਲੈਣ ਲਈ ਮਜਬੂਰ ਹੋਏ ਹਨ। ਜੱਗੂ ਨੇ ਕਿਹਾ ਕਿ ਜੇਕਰ ਉਸਦੇ ਖੇਡਣ ਕਾਰਨ ਰੈਫਰੀ ਆਪਣੀ ਡਿਊਟੀ ਨਹੀਂ ਨਿਭਾਉਣਾ ਚਾਹੁੰਦੇ ਤਾਂ ਉਹ ਅਜਿਹੇ ਮਾਹੌਲ ਵਿੱਚ ਪੰਜਾਬ ਵਿੱਚ ਕਬੱਡੀ ਨਹੀਂ ਖੇਡਣਾ ਚਾਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਟੂਰਨਾਮੈਂਟ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਕਿਸੇ ਟੀਮ ਲਈ ਮੁਸ਼ਕਲ ਪੈਦਾ ਕਰਨਾ ਚਾਹੁੰਦੇ ਹਨ। ਇਹ ਵਿਵਾਦ ਫਰੀਦਕੋਟ ਦੇ ਇੱਕ ਕਬੱਡੀ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਦੌਰਾਨ ਹੋਇਆ, ਜਿੱਥੇ ਰੈਫਰਿੰਗ ਨੂੰ ਲੈ ਕੇ ਹੰਗਾਮਾ ਹੋਣ ਦੀ ਗੱਲ ਸਾਹਮਣੇ ਆਈ। ਜੱਗੂ ਹਕਮਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਸਰਕਲ ਸਟਾਈਲ ਕਬੱਡੀ ਦੇ ਜਾਣੇ-ਪਛਾਣੇ ਖਿਡਾਰੀ ਹਨ। ਆਪਣੀ ਮਜ਼ਬੂਤ ਪਕੜ, ਫੁਰਤੀ ਅਤੇ ਵਿਰੋਧੀ ਰੇਡਰਾਂ ਨੂੰ ਰੋਕਣ ਦੇ ਅੰਦਾਜ਼ ਕਾਰਨ ਉਹ ਕਬੱਡੀ ਪ੍ਰੇਮੀਆਂ ਵਿੱਚ ਕਾਫ਼ੀ ਚਰਚਿਤ ਹਨ। ਉਨ੍ਹਾਂ ਦੀ ਖੇਡ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਕਬੱਡੀ ਕੱਪਾਂ ਵਿੱਚ ਦਰਸ਼ਕਾਂ ਦਾ ਖਾਸ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਫਰੀਦਕੋਟ ਦੀ ਘਟਨਾ ਤੋਂ ਬਾਅਦ ਉਨ੍ਹਾਂ ਵੱਲੋਂ ਲਿਆ ਗਿਆ ਇਹ ਫੈਸਲਾ ਕਬੱਡੀ ਜਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।