ਸਰੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੇ ਇਲਜ਼ਾਮ, ਸਿੱਖ ਸੰਗਤ ਵੱਲੋਂ ਤਿੱਖਾ ਰੋਸ

ਨਿਊਜ਼ ਪੰਜਾਬ

25 ਸਤੰਬਰ,2026

ਕੈਨੇਡਾ ਦੇ ਸਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲਿਜਾਣ ਦੌਰਾਨ ਮਰਿਆਦਾ ਦੀ ਉਲੰਘਣਾ ਦੇ ਇਲਜ਼ਾਮ ਲੱਗਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸਰੀ ਸਥਿਤ ਗੁਰਦੁਆਰਾ ਸਿੰਘ ਸਭਾ, 132ਵੀਂ ਸਟਰੀਟ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਟੋਰਾਂਟੋ ਭੇਜਿਆ ਜਾ ਰਿਹਾ ਸੀ। ਇਸ ਦੌਰਾਨ ਪਾਵਨ ਸਰੂਪ ਨੂੰ ਪਾਲਕੀ ਸਾਹਿਬ ਜਾਂ ਸਤਿਕਾਰਯੋਗ ਢੰਗ ਨਾਲ ਲਿਜਾਣ ਦੀ ਬਜਾਏ ਕਾਰ ਦੀ ਡਿੱਕੀ ਵਿੱਚ ਰੱਖੇ ਜਾਣ ਦੇ ਇਲਜ਼ਾਮ ਸਾਹਮਣੇ ਆਏ ਹਨ। ਨਿਹੰਗ ਸਿੰਘਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਗੱਡੀ ਦੀ ਜਾਂਚ ਕੀਤੀ ਗਈ ਤਾਂ ਪਾਵਨ ਸਰੂਪ ਦੇ ਕੋਲ ਚੱਪਲਾਂ ਅਤੇ ਹੋਰ ਸਾਮਾਨ ਪਿਆ ਹੋਣ ਦੀ ਗੱਲ ਕਹੀ ਗਈ। ਇਸ ਤੋਂ ਇਲਾਵਾ ਸਰੂਪ ਉੱਪਰ ਚੰਦੋਆ ਸਾਹਿਬ ਨਾ ਸਜਾਏ ਜਾਣ ਅਤੇ ਚੌਰ ਸਾਹਿਬ ਦੀ ਸੇਵਾ ਦਾ ਪ੍ਰਬੰਧ ਨਾ ਹੋਣ ਨੂੰ ਲੈ ਕੇ ਵੀ ਸੰਗਤ ਵੱਲੋਂ ਇਤਰਾਜ਼ ਜਤਾਇਆ ਗਿਆ। ਘਟਨਾ ਦੇ ਵਿਰੋਧ ਵਿੱਚ ਸਿੱਖ ਸੰਗਤ ਵੱਲੋਂ ਗੁਰਦੁਆਰਾ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਿਛਲੇ ਤਿੰਨ ਦਿਨਾਂ ਤੋਂ ਧਰਨਾ ਦਿੱਤੇ ਜਾਣ ਦੀ ਜਾਣਕਾਰੀ ਹੈ। ਸੰਗਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ SGPC ਤੋਂ ਪੂਰੇ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।