ਨਿਊਜ਼ ਪੰਜਾਬ
23 ਸਤੰਬਰ,2026
ਕੇਂਦਰ ਸਰਕਾਰ ਨੇ 28 ਤੋਂ 30 ਸਤੰਬਰ 2026 ਤੱਕ ਹੋਣ ਵਾਲੀ ਤਿੰਨ ਦਿਨਾਂ ਦੀ ਦੇਸ਼ ਪੱਧਰੀ ਬੈਂਕ ਹੜਤਾਲ ਦੇ ਮੱਦੇਨਜ਼ਰ ਬੈਂਕ ਗਾਹਕਾਂ ਲਈ ਵੱਡਾ ਫੈਸਲਾ ਲਿਆ ਹੈ। ਵਿੱਤ ਮੰਤਰਾਲੇ ਨੇ ਸਾਰੇ ਪਬਲਿਕ ਸੈਕਟਰ ਬੈਂਕਾਂ (PSBs) ਅਤੇ ਰੀਜਨਲ ਰੂਰਲ ਬੈਂਕਾਂ (RRBs) ਨੂੰ 27 ਸਤੰਬਰ, ਐਤਵਾਰ ਨੂੰ ਵੀ ਆਮ ਕੰਮਕਾਜੀ ਦਿਨ ਵਾਂਗ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਵੀ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ, 26 ਸਤੰਬਰ ਨੂੰ ਚੌਥਾ ਸ਼ਨੀਵਾਰ ਅਤੇ 27 ਸਤੰਬਰ ਨੂੰ ਐਤਵਾਰ ਹੋਣ ਕਾਰਨ ਪਹਿਲਾਂ ਹੀ ਦੋ ਦਿਨ ਬੈਂਕ ਬੰਦ ਰਹਿਣੇ ਸਨ। ਇਸ ਤੋਂ ਤੁਰੰਤ ਬਾਅਦ 28 ਤੋਂ 30 ਸਤੰਬਰ ਤੱਕ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ਵਿੱਚ ਲਗਾਤਾਰ ਪੰਜ ਦਿਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਰਹੀ ਸੀ। ਗਾਹਕਾਂ ਦੀਆਂ ਜ਼ਰੂਰੀ ਬੈਂਕਿੰਗ ਲੋੜਾਂ ਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਸਰਕਾਰ ਨੇ ਐਤਵਾਰ ਨੂੰ ਕੰਮਕਾਜੀ ਦਿਨ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦਿਨ ਬੈਂਕ ਸ਼ਾਖਾਵਾਂ ਦੇ ਨਾਲ-ਨਾਲ ਦਫ਼ਤਰ, ATM-ਲਿੰਕਡ ਬ੍ਰਾਂਚਾਂ ਅਤੇ ਕਰੰਸੀ ਚੈਸਟ ਵੀ ਆਮ ਦਿਨਾਂ ਵਾਂਗ ਕੰਮ ਕਰਨਗੇ। ਹੜਤਾਲ ਨੂੰ ਲੈ ਕੇ ਸਰਕਾਰ ਅਤੇ ਬੈਂਕ ਪ੍ਰਬੰਧਨ ਵੱਲੋਂ ਯੂਨੀਅਨਾਂ ਨਾਲ ਗੱਲਬਾਤ ਵੀ ਕੀਤੀ ਗਈ, ਪਰ ਸਹਿਮਤੀ ਨਾ ਬਣਨ ਕਾਰਨ ਹੜਤਾਲ ਜਾਰੀ ਰਹਿਣ ਦੀ ਗੱਲ ਕਹੀ ਗਈ ਹੈ।
