ਡੇਰਾ ਬਾਬਾ ਨਾਨਕ ’ਚ ਪੁਰਾਣੀ ਰੰਜਿਸ਼ ਨੇ ਧਾਰਿਆ ਖੂਨੀ ਰੂਪ, 27 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਨਿਊਜ਼ ਪੰਜਾਬ

20 ਸਤੰਬਰ,2026

ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ ਅੱਡਾ ਪਿੰਡ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ 27 ਸਾਲਾ ਨੌਜਵਾਨ ਸੁਖਰਾਜ ਸਿੰਘ ਉਰਫ਼ ਕਾਕਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸੁਖਰਾਜ ਸਿੰਘ ਸ਼ਨੀਵਾਰ ਰਾਤ ਤਾਹਲੀ ਸਾਹਿਬ ਗੁਰਦੁਆਰੇ ਤੋਂ ਮੱਥਾ ਟੇਕ ਕੇ ਮੋਟਰਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਸਵਿਫਟ ਕਾਰ ਵਿੱਚ ਸਵਾਰ ਕੁਝ ਨੌਜਵਾਨਾਂ ਨੇ ਉਸਦਾ ਪਿੱਛਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਸੁਖਰਾਜ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਅਤੇ ਸਰਪੰਚ ਨਵਦੀਪ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਇਹ ਮਾਮਲਾ ਦੋ ਧਿਰਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਰੰਜਿਸ਼ ਨਾਲ ਜੁੜਿਆ ਹੋਇਆ ਹੈ ਅਤੇ ਦੋਵਾਂ ਧਿਰਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਤੇ NDPS ਐਕਟ ਤਹਿਤ ਮਾਮਲੇ ਦਰਜ ਹਨ।