ਪਟਿਆਲਾ ਦੇ 3 ਸ਼ੋਅਰੂਮਾਂ ’ਤੇ ED ਦੀ ਛਾਪੇਮਾਰੀ, ਮੋਹਾਲੀ ’ਚ ਵੀ ਕਾਰਵਾਈ; ਕੰਪਨੀਆਂ ਦੇ ਰਿਕਾਰਡ ਖੰਗਾਲੇ

ਨਿਊਜ਼ ਪੰਜਾਬ

16 ਸਤੰਬਰ,2026

ਪਟਿਆਲਾ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕਰਦਿਆਂ ਫੇਜ਼-2 ਕਮਰਸ਼ੀਅਲ ਮਾਰਕੀਟ ਸਥਿਤ ਸ਼ੋਅਰੂਮ ਨੰਬਰ 8, 9 ਅਤੇ 10 ’ਤੇ ਛਾਪੇਮਾਰੀ ਕੀਤੀ। ਇਨ੍ਹਾਂ ਥਾਵਾਂ ਨਾਲ ਜੁੜੀਆਂ ਫਲਾਇੰਗ ਫੇਦਰਜ਼ ਅਤੇ ਡੀਐਮ ਵੈੱਬ ਬੇਸਡ ਸਲਿਊਸ਼ਨਜ਼ ਕੰਪਨੀਆਂ ਦੇ ਦਸਤਾਵੇਜ਼ਾਂ, ਕੰਪਿਊਟਰ ਰਿਕਾਰਡਾਂ ਅਤੇ ਹੋਰ ਸੰਬੰਧਿਤ ਜਾਣਕਾਰੀ ਦੀ ਜਾਂਚ ਕੀਤੀ ਗਈ। ਕਾਰਵਾਈ ਮੰਗਲਵਾਰ ਦੇਰ ਰਾਤ ਤੋਂ ਬੁੱਧਵਾਰ ਸਵੇਰ ਤੱਕ ਜਾਰੀ ਰਹੀ ਅਤੇ ਦੱਸਿਆ ਗਿਆ ਕਿ ਪੂਰੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ED ਦੀ ਟੀਮ ਨੇ ਮੋਹਾਲੀ ਦੇ IT ਸਿਟੀ ਸੈਕਟਰ-82A ਵਿੱਚ ਪਲਾਟ ਨੰਬਰ 2010 ’ਤੇ ਵੀ ਕਾਰਵਾਈ ਕੀਤੀ। ਇਸ ਮਾਮਲੇ ਸਬੰਧੀ ED ਵੱਲੋਂ ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਜਾਂਚ ਦੇ ਕਾਰਨਾਂ ਅਤੇ ਬਰਾਮਦ ਰਿਕਾਰਡਾਂ ਦੇ ਵੇਰਵੇ ਸਪੱਸ਼ਟ ਹੋਣਗੇ। ਇਸ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਇਨ੍ਹਾਂ ਥਾਵਾਂ ’ਤੇ IELTS ਦੀ ਆੜ ਵਿੱਚ ਕਥਿਤ ਤੌਰ ’ਤੇ ਕਾਲ ਸੈਂਟਰ ਨਾਲ ਸਬੰਧਤ ਗਤੀਵਿਧੀਆਂ ਚੱਲ ਰਹੀਆਂ ਸਨ, ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।