1 ਸਤੰਬਰ ਤੋਂ ਦੁੱਧ ਹੋਵੇਗਾ ਮਹਿੰਗਾ, ₹93 ਤੋਂ ਵਧ ਕੇ ₹102 ਪ੍ਰਤੀ ਲੀਟਰ ਹੋਈ ਕੀਮਤ

ਨਿਊਜ਼ ਪੰਜਾਬ

29 ਅਗਸਤ,2026

ਮੁੰਬਈ ਦੇ ਲੋਕਾਂ ਲਈ ਮਹਿੰਗਾਈ ਨਾਲ ਜੁੜੀ ਇੱਕ ਹੋਰ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ। 1 ਸਤੰਬਰ 2026 ਤੋਂ ਸ਼ਹਿਰ ਵਿੱਚ ਡੇਅਰੀ ਫਾਰਮਾਂ ਤੋਂ ਸਿੱਧਾ ਮਿਲਣ ਵਾਲੇ ਦੁੱਧ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕੀਤਾ ਜਾ ਰਿਹਾ ਹੈ। ਇਸ ਤਹਿਤ ਦੁੱਧ ਦੀ ਕੀਮਤ ਵਿੱਚ ₹9 ਪ੍ਰਤੀ ਲੀਟਰ ਦਾ ਵਾਧਾ ਹੋਵੇਗਾ ਅਤੇ ₹93 ਪ੍ਰਤੀ ਲੀਟਰ ਮਿਲਣ ਵਾਲਾ ਦੁੱਧ ਹੁਣ ₹102 ਪ੍ਰਤੀ ਲੀਟਰ ਦੇ ਹਿਸਾਬ ਨਾਲ ਖਰੀਦਣਾ ਪਵੇਗਾ। ਇਹ ਵਾਧਾ ਖਾਸ ਤੌਰ ’ਤੇ ਖੁੱਲ੍ਹੇ ਜਾਂ ਸਿੱਧੇ ਡੇਅਰੀ ਤੋਂ ਮਿਲਣ ਵਾਲੇ ਦੁੱਧ ’ਤੇ ਲਾਗੂ ਹੋਵੇਗਾ, ਜਦਕਿ ਪੈਕ ਕੀਤੇ ਦੁੱਧ ਦੀਆਂ ਕੀਮਤਾਂ ਇਸ ਐਲਾਨ ਨਾਲ ਸਿੱਧੇ ਤੌਰ ’ਤੇ ਪ੍ਰਭਾਵਿਤ ਨਹੀਂ ਹੋਣਗੀਆਂ।

ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਸ਼ੂ ਪਾਲਣ ਅਤੇ ਦੁੱਧ ਉਤਪਾਦਨ ਦੀ ਲਾਗਤ ਲਗਾਤਾਰ ਵਧ ਰਹੀ ਹੈ। ਪਸ਼ੂਆਂ ਦੇ ਚਾਰੇ, ਅਨਾਜ ਅਤੇ ਤੇਲ ਖਲ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਕੁਝ ਚਾਰਾ ਉਤਪਾਦਾਂ ਦੀਆਂ ਕੀਮਤਾਂ ਵਿੱਚ 25 ਫੀਸਦੀ ਤੱਕ ਵਾਧਾ ਹੋਣ ਕਾਰਨ ਡੇਅਰੀ ਫਾਰਮ ਚਲਾਉਣ ਦਾ ਖਰਚਾ ਵਧ ਗਿਆ ਹੈ। ਉਤਪਾਦਕਾਂ ਮੁਤਾਬਕ ਮੌਜੂਦਾ ₹93 ਪ੍ਰਤੀ ਲੀਟਰ ਦੀ ਦਰ ’ਤੇ ਦੁੱਧ ਵੇਚਣਾ ਮੁਸ਼ਕਲ ਹੋ ਰਿਹਾ ਸੀ, ਜਿਸ ਕਾਰਨ ਕੀਮਤਾਂ ਵਿੱਚ ਸੋਧ ਕਰਨੀ ਪਈ।

ਨਵੀਆਂ ਦਰਾਂ 1 ਸਤੰਬਰ 2026 ਤੋਂ ਲਾਗੂ ਹੋ ਕੇ 28 ਫਰਵਰੀ 2027 ਤੱਕ ਜਾਰੀ ਰਹਿਣਗੀਆਂ। ਇਸ ਵਾਧੇ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਪਰਿਵਾਰਾਂ ’ਤੇ ਪਵੇਗਾ ਜੋ ਹਰ ਰੋਜ਼ ਡੇਅਰੀ ਤੋਂ ਖੁੱਲ੍ਹਾ ਦੁੱਧ ਖਰੀਦਦੇ ਹਨ। ਜੇਕਰ ਕਿਸੇ ਪਰਿਵਾਰ ਦੀ ਰੋਜ਼ਾਨਾ ਖਪਤ 2 ਲੀਟਰ ਹੈ ਤਾਂ ਉਸ ਨੂੰ ਪਹਿਲਾਂ ਦੇ ਮੁਕਾਬਲੇ ਹਰ ਦਿਨ ₹18 ਵੱਧ ਖਰਚ ਕਰਨੇ ਪੈਣਗੇ। ਇਸ ਤਰ੍ਹਾਂ ਮਹੀਨੇ ਦੇ ਬਜਟ ’ਤੇ ਵੀ ਵਾਧੂ ਬੋਝ ਪਵੇਗਾ। ਤਿਉਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਹੋਈ ਇਹ ਕੀਮਤ ਵਧੋਤਰੀ ਮੁੰਬਈ ਦੇ ਖਪਤਕਾਰਾਂ ਲਈ ਮਹਿੰਗਾਈ ਦਾ ਇੱਕ ਹੋਰ ਝਟਕਾ ਸਾਬਤ ਹੋ ਸਕਦੀ ਹੈ।