ਹਰਿਆਣਵੀ ਗਾਇਕ ਅੰਕਿਤ ਬਾਲਿਅਨ ਕਤਲ ਦੀ CCTV ਆਈ ਸਾਹਮਣੇ, 25 ਸੈਕੰਡ ਤੱਕ ਤਾਬੜਤੋੜ ਗੋਲੀਆਂ ਚਲਾ ਕੇ ਫਰਾਰ ਹੋਏ 4 ਸ਼ੂਟਰ

ਨਿਊਜ਼ ਪੰਜਾਬ

28 ਅਗਸਤ,2026

ਹਰਿਆਣਵੀ ਗਾਇਕ ਅਤੇ ਐਕਟਰ ਅੰਕਿਤ ਬਾਲਿਅਨ ਦੇ ਕਤਲ ਦੀ ਦਿਲ ਦਹਿਲਾ ਦੇਣ ਵਾਲੀ CCTV ਫੁਟੇਜ ਸਾਹਮਣੇ ਆਈ ਹੈ। ਵੀਡੀਓ ਵਿੱਚ 26 ਅਗਸਤ ਦੀ ਸ਼ਾਮ ਕਰੀਬ 6:45 ਵਜੇ ਅੰਕਿਤ ਜਿੰਮ ਤੋਂ ਬਾਹਰ ਨਿਕਲ ਕੇ ਆਪਣੀ ਕਾਰ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਉਹ ਪਹਿਲਾਂ ਆਪਣਾ ਬੈਗ ਕਾਰ ਵਿੱਚ ਰੱਖਦਾ ਹੈ ਅਤੇ ਜਿਵੇਂ ਹੀ ਡਰਾਈਵਿੰਗ ਸੀਟ ਵੱਲ ਜਾਂਦਾ ਹੈ, ਜਿੰਮ ਵੱਲੋਂ ਆਏ ਚਾਰ ਸ਼ੂਟਰ ਉਸ ’ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੰਦੇ ਹਨ। ਕਾਰ ਅਤੇ ਦੀਵਾਰ ਵਿਚਕਾਰ ਥਾਂ ਘੱਟ ਹੋਣ ਕਾਰਨ ਅੰਕਿਤ ਨੂੰ ਬਚਣ ਦਾ ਮੌਕਾ ਨਹੀਂ ਮਿਲਦਾ।

ਸ਼ੂਟਰ ਉਸ ਨੂੰ ਚਾਰੋਂ ਪਾਸਿਓਂ ਘੇਰ ਕੇ ਕਰੀਬ 25 ਸੈਕੰਡ ਤੱਕ ਗੋਲੀਆਂ ਚਲਾਉਂਦੇ ਹਨ ਅਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਫੁਟੇਜ ਵਿੱਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਗੋਲੀਬਾਰੀ ਦੌਰਾਨ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਹਨ, ਜਦਕਿ ਜਿੰਮ ਤੋਂ ਬਾਹਰ ਆਏ ਲੋਕ ਵੀ ਫਾਇਰਿੰਗ ਦੇਖ ਕੇ ਮੁੜ ਅੰਦਰ ਚਲੇ ਜਾਂਦੇ ਹਨ। ਇਸ ਦੌਰਾਨ ਦੋ ਵਿਅਕਤੀਆਂ ਵੱਲੋਂ ਵਾਰਦਾਤ ਦੀ ਜ਼ਿੰਮੇਵਾਰੀ ਲੈਣ ਦੇ ਦਾਅਵੇ ਕੀਤੇ ਗਏ ਹਨ, ਪਰ ਪੁਲਿਸ ਨੇ ਅਜੇ ਤੱਕ ਇਨ੍ਹਾਂ ਦਾਅਵਿਆਂ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ।