ਖੰਡ-ਪਿਆਜ਼ ਦੀਆਂ ਕੀਮਤਾਂ’ਤੇ ਸਰਕਾਰ ਦਾ ਵੱਡਾ ਐਕਸ਼ਨ,ਖੰਡ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵੀ ਡਿੱਗੀਆਂ, ਜਾਣੋ ਨਵੇਂ ਰੇਟ 

ਨਿਊਜ਼ ਪੰਜਾਬ

27 ਅਗਸਤ,2026

ਸਰਕਾਰ ਵੱਲੋਂ ਜਮ੍ਹਾਂਖੋਰੀ ਅਤੇ ਵਧਦੀਆਂ ਕੀਮਤਾਂ ਖ਼ਿਲਾਫ਼ ਕੀਤੀ ਜਾ ਰਹੀ ਸਖ਼ਤੀ ਦਾ ਅਸਰ ਹੁਣ ਖੰਡ ਅਤੇ ਪਿਆਜ਼ ਦੀਆਂ ਕੀਮਤਾਂ ‘ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਇੱਕ ਹਫ਼ਤਾ ਪਹਿਲਾਂ ਐਕਸ-ਮਿਲ ਖੰਡ ਦੀ ਕੀਮਤ ₹68 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਸੀ, ਪਰ ਹੁਣ ਇਸ ਵਿੱਚ ਵੱਡੀ ਗਿਰਾਵਟ ਆਈ ਹੈ ਅਤੇ ਕੀਮਤ ਘਟ ਕੇ ਲਗਭਗ ₹53-55 ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ। ਮਹਾਰਾਸ਼ਟਰ ਵਿੱਚ ਖੰਡ ਦੀ ਕੀਮਤ ₹51-52 ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਹੈ, ਜਦਕਿ ਕੋਲਕਾਤਾ ਵਿੱਚ ਥੋਕ ਕੀਮਤ ਕਰੀਬ ₹53 ਪ੍ਰਤੀ ਕਿਲੋਗ੍ਰਾਮ ਦੱਸੀ ਜਾ ਰਹੀ ਹੈ। ਸਰਕਾਰ ਵੱਲੋਂ ਬਾਜ਼ਾਰ ਵਿੱਚ ਸਪਲਾਈ ਵਧਾਉਣ ਲਈ 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਮੁਕਤ ਦਰਾਮਦ ਦੀ ਤਿਆਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਬੰਦਰਗਾਹਾਂ ‘ਤੇ ਪਈ 3 ਤੋਂ 4 ਲੱਖ ਟਨ ਖੰਡ ਦੀ ਰਿਫਾਈਨਿੰਗ ਪ੍ਰਕਿਰਿਆ ਵੀ ਤੇਜ਼ ਕੀਤੀ ਜਾ ਰਹੀ ਹੈ, ਤਾਂ ਜੋ ਇਸ ਨੂੰ ਜਲਦ ਘਰੇਲੂ ਬਾਜ਼ਾਰ ਵਿੱਚ ਉਪਲਬਧ ਕਰਵਾਇਆ ਜਾ ਸਕੇ। ਅਗਸਤ ਦਾ ਬਕਾਇਆ ਖੰਡ ਕੋਟਾ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਜਮ੍ਹਾਂਖੋਰੀ ‘ਤੇ ਰੋਕ ਲਗਾਉਣ ਲਈ ਡੀਲਰਾਂ ਦੇ ਸਟਾਕ ਦੀ ਸੀਮਾ ਤੈਅ ਕਰਨ ਦੇ ਨਾਲ-ਨਾਲ ਕੇਂਦਰ ਅਤੇ ਰਾਜਾਂ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਖ਼ਤੀ ਕਾਰਨ ਵੱਡੀ ਕਮਾਈ ਦੀ ਉਮੀਦ ਵਿੱਚ ਸਟਾਕ ਰੱਖਣ ਵਾਲੇ ਸੱਟੇਬਾਜ਼ਾਂ ਨੇ ਵੀ ਆਪਣਾ ਮਾਲ ਵੇਚਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਨਾਸਿਕ ਵਿੱਚ ਸੋਮਵਾਰ ਨੂੰ ਕੀਮਤ ₹50 ਪ੍ਰਤੀ ਕਿਲੋਗ੍ਰਾਮ ਸੀ, ਜੋ ਬੁੱਧਵਾਰ ਤੱਕ ਘਟ ਕੇ ₹42 ਪ੍ਰਤੀ ਕਿਲੋਗ੍ਰਾਮ ਰਹਿ ਗਈ। ਯਾਨੀ ਸਿਰਫ਼ ਤਿੰਨ ਦਿਨਾਂ ਵਿੱਚ ਪਿਆਜ਼ ਦੇ ਰੇਟ ਵਿੱਚ ਕਰੀਬ ₹8 ਪ੍ਰਤੀ ਕਿਲੋਗ੍ਰਾਮ ਦੀ ਕਮੀ ਆਈ ਹੈ। ਹਾਲਾਂਕਿ ਖੰਡ ਦੀਆਂ ਕੀਮਤਾਂ ਵਿੱਚ ਆਈ ਕਮੀ ਦਾ ਪੂਰਾ ਲਾਭ ਹਾਲੇ ਖਪਤਕਾਰਾਂ ਤੱਕ ਨਹੀਂ ਪਹੁੰਚਿਆ, ਪਰ ਵਧਦੀ ਸਪਲਾਈ ਅਤੇ ਸਰਕਾਰੀ ਕਾਰਵਾਈ ਨਾਲ ਆਉਣ ਵਾਲੇ ਦਿਨਾਂ ਵਿੱਚ ਖੰਡ ਅਤੇ ਪਿਆਜ਼ ਦੀਆਂ ਕੀਮਤਾਂ ਹੋਰ ਨਰਮ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।