ਨਿਊਜ਼ ਪੰਜਾਬ
22 ਅਗਸਤ,2026
ਤਾਮਿਲਨਾਡੂ ਸਰਕਾਰ ਨੇ ਨਵਜੰਮੇ ਬੱਚਿਆਂ ਲਈ ‘ਥੈਮਾਮਨ ਗੋਲਡ ਰਿੰਗ ਸਕੀਮ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਪੈਦਾ ਹੋਣ ਵਾਲੇ ਯੋਗ ਬੱਚਿਆਂ ਨੂੰ ਲਗਭਗ ਇੱਕ ਗ੍ਰਾਮ ਵਜ਼ਨ ਦੀ ਸੋਨੇ ਦੀ ਅੰਗੂਠੀ ਦਿੱਤੀ ਜਾਵੇਗੀ। ਸਰਕਾਰ ਵੱਲੋਂ ਪਹਿਲੀ ਕਿਸ਼ਤ ਵਿੱਚ 1,28,499 ਅੰਗੂਠੀਆਂ ਵੰਡਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਰਿਪੋਰਟ ਮੁਤਾਬਕ ਤਾਮਿਲਨਾਡੂ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਨੇ ਜੋਏ ਅਲੂਕਕਾਸ ਅਤੇ ਕਲਿਆਣ ਜਵੈਲਰਜ਼ ਨੂੰ ਅੰਗੂਠੀਆਂ ਦੀ ਸਪਲਾਈ ਲਈ ਵਰਕ ਆਰਡਰ ਦਿੱਤੇ ਹਨ। ਕੁੱਲ 4,41,667 ਸੋਨੇ ਦੀਆਂ ਅੰਗੂਠੀਆਂ ਖਰੀਦੀਆਂ ਜਾਣੀਆਂ ਹਨ। ਇਹ ਯੋਜਨਾ 15 ਸਤੰਬਰ 2026 ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜੋ ਸਾਬਕਾ ਮੁੱਖ ਮੰਤਰੀ ਸੀ.ਐਨ. ਅੰਨਾਦੁਰਈ ਦੇ ਜਨਮਦਿਨ ਨਾਲ ਵੀ ਮੇਲ ਖਾਂਦਾ ਹੈ।
ਸਰਕਾਰ ਮੁਤਾਬਕ ਇਸ ਯੋਜਨਾ ਦਾ ਮੁੱਖ ਉਦੇਸ਼ ਸਰਕਾਰੀ ਸਿਹਤ ਸੇਵਾਵਾਂ ਪ੍ਰਤੀ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਕਰਨਾ ਹੈ। ਯੋਜਨਾ ਦਾ ਲਾਭ ਸਿਰਫ਼ ਸਰਕਾਰੀ ਹਸਪਤਾਲਾਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਹੀ ਮਿਲੇਗਾ। ਜੂਨ ਤੋਂ ਸਤੰਬਰ ਦਰਮਿਆਨ ਪੈਦਾ ਹੋਏ ਯੋਗ ਬੱਚਿਆਂ ਲਈ ਪਹਿਲੇ ਪੜਾਅ ਵਿੱਚ ਅੰਗੂਠੀਆਂ ਮੁਹੱਈਆ ਕਰਵਾਈਆਂ ਜਾਣਗੀਆਂ।
