ਟੀਮ ਇੰਡੀਆ ਦੇ ਖਿਡਾਰੀਆਂ ਲਈ ਸਖ਼ਤ ਹੋਏ ਫਿਟਨੈਸ ਨਿਯਮ, BCCI ਨੇ ਬਦਲੇ ਟੈਸਟ ਦੇ ਮਾਪਦੰਡ

ਨਿਊਜ਼ ਪੰਜਾਬ

7 ਅਗਸਤ,2026

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਇਰਲੈਂਡ ਅਤੇ ਇੰਗਲੈਂਡ ਦੌਰਿਆਂ ਦੌਰਾਨ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਖਿਡਾਰੀਆਂ ਦੀ ਫਿਟਨੈਸ ਨੂੰ ਲੈ ਕੇ ਉੱਠੇ ਸਵਾਲਾਂ ਤੋਂ ਬਾਅਦ ਫਿਟਨੈਸ ਮਾਪਦੰਡ ਹੋਰ ਸਖ਼ਤ ਕਰ ਦਿੱਤੇ ਹਨ। ਹੁਣ ਹਰ ਖਿਡਾਰੀ ਨੂੰ ਬ੍ਰੋਂਕੋ ਟੈਸਟ 5 ਮਿੰਟ 15 ਤੋਂ 20 ਸਕਿੰਟ ਦੇ ਅੰਦਰ ਪੂਰਾ ਕਰਨਾ ਹੋਵੇਗਾ, ਜਦਕਿ ਇਸ ਤੋਂ ਤੁਰੰਤ ਬਾਅਦ 2 ਕਿਲੋਮੀਟਰ ਦੀ ਦੌੜ ਵੀ 9 ਤੋਂ 10 ਮਿੰਟ ਵਿੱਚ ਪੂਰੀ ਕਰਨੀ ਲਾਜ਼ਮੀ ਹੋਵੇਗੀ। ਪਹਿਲਾਂ ਇਹ ਦੋਵੇਂ ਟੈਸਟ ਵੱਖ-ਵੱਖ ਹੁੰਦੇ ਸਨ, ਪਰ ਹੁਣ ਲਗਾਤਾਰ ਕਰਵਾਏ ਜਾਣ ਕਾਰਨ ਖਿਡਾਰੀਆਂ ਦੀ ਸਹਿਣਸ਼ਕਤੀ ਅਤੇ ਫਿਟਨੈਸ ਦੀ ਹੋਰ ਸਖ਼ਤ ਪਰਖ ਹੋਵੇਗੀ। BCCI ਸੂਤਰਾਂ ਮੁਤਾਬਕ ਪਿਛਲੇ ਕੁਝ ਸਮੇਂ ਦੌਰਾਨ ਕੁਝ ਸੀਨੀਅਰ ਖਿਡਾਰੀਆਂ ਨੂੰ ਫਿਟਨੈਸ ਟੈਸਟਾਂ ਵਿੱਚ ਢਿੱਲ ਦਿੱਤੀ ਗਈ ਸੀ, ਜਿਸ ਕਾਰਨ ਹੁਣ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਖਿਡਾਰੀ ਨਾਲ ਉਸਦੇ ਨਾਮ ਜਾਂ ਰੁਤਬੇ ਦੇ ਆਧਾਰ ‘ਤੇ ਰਿਆਇਤ ਨਹੀਂ ਕੀਤੀ ਜਾਵੇਗੀ। ਹਰਸ਼ਿਤ ਰਾਣਾ ਅਤੇ ਨਿਤੀਸ਼ ਕੁਮਾਰ ਰੈੱਡੀ ਵਰਗੇ ਖਿਡਾਰੀਆਂ ਦੇ ਮਾਮਲਿਆਂ ਤੋਂ ਬਾਅਦ ਫਿਟਨੈਸ ਨੂੰ ਲੈ ਕੇ ਹੋਰ ਸਖ਼ਤੀ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇੰਗਲੈਂਡ ਦੌਰੇ ਦੌਰਾਨ ਲਗਾਤਾਰ ਸਾਹਮਣੇ ਆਈਆਂ ਸੱਟਾਂ ਅਤੇ ਮਾਸਪੇਸ਼ੀਆਂ ਵਿੱਚ ਖਿੱਚ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ BCCI ਨੇ ਟੀਮ ਦੇ ਫਿਜ਼ੀਓ ਤੋਂ ਵੀ ਸਪੱਸ਼ਟੀਕਰਨ ਮੰਗਿਆ ਹੈ ਅਤੇ ਹਦਾਇਤ ਦਿੱਤੀ ਹੈ ਕਿ ਕਿਸੇ ਵੀ ਖਿਡਾਰੀ ਦੀ ਫਿਟਨੈਸ ਵਿੱਚ ਗਿਰਾਵਟ ਦੀ ਤੁਰੰਤ ਜਾਣਕਾਰੀ ਦਿੱਤੀ ਜਾਵੇ। ਬੋਰਡ ਦਾ ਮੰਨਣਾ ਹੈ ਕਿ ਮੈਦਾਨ ‘ਤੇ ਖਿਡਾਰੀਆਂ ਦੀ ਮੋਬਿਲਿਟੀ ਅਤੇ ਲੰਬੇ ਸਮੇਂ ਤੱਕ ਖੇਡਣ ਦੀ ਸਮਰੱਥਾ ਵਿੱਚ ਆਈ ਕਮੀ ਨੂੰ ਦੂਰ ਕਰਨ ਲਈ ਸਖ਼ਤ ਫਿਟਨੈਸ ਨਿਯਮ ਬਹੁਤ ਜ਼ਰੂਰੀ ਹਨ।