661 ਕਰੋੜ ਦੇ ਘਪਲੇ ਦਾ ਦੋਸ਼ੀ ਹਸਪਤਾਲ ਦੀ ਥਾਂ ਹੋਟਲ ਪਹੁੰਚਿਆ, ਦੋ ਪੁਲਿਸ ਮੁਲਾਜ਼ਮਾਂ ਸਮੇਤ ਪੰਜ ਗ੍ਰਿਫ਼ਤਾਰ

ਨਿਊਜ਼ ਪੰਜਾਬ

5 ਅਗਸਤ,2026

ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਾਹਮਣੇ ਆਏ 661 ਕਰੋੜ ਰੁਪਏ ਦੇ ਕਥਿਤ ਘਪਲੇ ਨਾਲ ਜੁੜੇ ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਦੋਸ਼ੀ ਵਿਕਰਮ ਵਧਵਾ ਨੂੰ ਇਲਾਜ ਦੇ ਬਹਾਨੇ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ, ਪਰ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਸੈਕਟਰ-17 ਸਥਿਤ ਇੱਕ ਲਗਜ਼ਰੀ ਹੋਟਲ ਵਿੱਚ ਰੱਖਿਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਟਲ ‘ਤੇ ਛਾਪਾ ਮਾਰਿਆ ਅਤੇ ਵਿਕਰਮ ਵਧਵਾ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਐਸਆਈ ਜਗਮੇਰ, ਏਐਸਆਈ ਸੁਰੇਸ਼, ਵਧਵਾ ਦਾ ਪੁੱਤਰ ਅਤੇ ਉਸ ਦੇ ਦੋ ਸਾਥੀ ਸ਼ਾਮਲ ਹਨ।

ਮੁੱਢਲੀ ਜਾਂਚ ਵਿੱਚ ਗੰਭੀਰ ਲਾਪਰਵਾਹੀ ਅਤੇ ਮਿਲੀਭੁਗਤ ਦੇ ਸੰਕੇਤ ਮਿਲੇ ਹਨ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੰਦਰੂਨੀ ਸਹਾਇਤਾ ਤੋਂ ਬਿਨਾਂ ਦੋਸ਼ੀ ਨੂੰ ਹਸਪਤਾਲ ਦੀ ਥਾਂ ਹੋਟਲ ਲਿਜਾਣਾ ਸੰਭਵ ਨਹੀਂ ਸੀ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਾਜ਼ਿਸ਼ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ। ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।