ਮੁੱਖ ਮੰਤਰੀ ਵੱਲੋਂ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਮੈਡੀਕਲ ਸਿੱਖਿਆ ਵਿਭਾਗ ਵਿੱਚ 300 ਐਡਹਾਕ ਅਸਾਮੀਆਂ ਭਰਨ ਦੀ ਮਨਜ਼ੂਰੀ
ਸਿਹਤ ਵਿਭਾਗ ਨੂੰ ਭਰਤੀ ਪ੍ਰਕ੍ਰਿਆ ਤੇਜ਼ ਕਰਨ ਅਤੇ ਕੋਵਿਡ ਟੈਸਟਾਂ ਦੀ ਰਿਪੋਰਟ 12 ਘੰਟਿਆਂ ‘ਚ ਆਉਣ ਨੂੰ ਯਕੀਨੀ ਬਣਾਉਣ ਲਈ ਆਖਿਆ
ਚੰਡੀਗੜ੍ਹ, 22 ਜੂਨ ( ਨਿਊਜ਼ ਪੰਜਾਬ )
ਸੂਬੇ ਵਿੱਚ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਮੈਡੀਕਲ ਸਿੱਖਿਆ ਵਿਭਾਗ ਵਿੱਚ 300 ਐਡਹਾਕ ਅਸਾਮੀਆਂ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਤਿੰਨੋ ਸਰਕਾਰੀ ਮੈਡੀਕਲ ਕਾਲਜਾਂ ਵਿੱਚ 100-100 ਅਸਾਮੀਆਂ ਭਰੀਆਂ ਜਾਣਗੀਆਂ। ਇਸ ਦੇ ਨਾਲ ਉਨ੍ਹਾਂ ਖਾਲੀ ਪੋਸਟਾਂ ਅਤੇ ਮਨਜ਼ੂਰਸ਼ੁਦਾ ਅਸਾਮੀਆਂ ਅਧੀਨ ਮੈਡੀਕਲ ਤੇ ਤਕਨੀਕੀ ਸਟਾਫ ਦੀ ਭਰਤੀ ਪ੍ਰਕਿਰਿਆ ਤੇਜ਼ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਵੱਲੋਂ ਇਹ ਨਿਰਦੇਸ਼ ਉਦੋਂ ਦਿੱਤੇ ਗਏ ਜਦੋਂ ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾ ਕੇ.ਕੇ. ਤਲਵਾੜ ਨੇ ਕਿਹਾ ਕਿ ਮੈਡੀਕਲ ਸਿੱਖਿਆ ਵਿਭਾਗ ਵੱਲੋਂ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਹਰੇਕ ਮੈਡੀਕਲ ਕਾਲਜ ਵਿੱਚ 100-100 ਸਟਾਫ ਭਰਤੀ ਕੀਤੇ ਜਾਣ ਦੀ ਲੋੜ ਹੈ ਜਿਨ੍ਹਾਂ ਵਿੱਚ ਮੁੱਖ ਤੌਰ ਉਤੇ ਸੀਨੀਅਰ ਰੈਜੀਡੈਂਟ ਡਾਕਟਰ ਤੇ ਸਹਾਇਕ ਪ੍ਰੋਫੈਸਰ ਸ਼ਾਮਲ ਹਨ।
ਡਾ. ਤਲਵਾੜ ਦੀਆਂ ਸਟਾਫ ਦੀ ਲੋੜ ਬਾਰੇ ਸਿਫਾਰਸ਼ਾਂ ‘ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ 300 ਅਸਾਮੀਆਂ ਭਰਨ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਵਿਭਾਗ ਨੂੰ ਆਦੇਸ਼ ਦਿੱਤੇ ਕਿ ਗਰੈਜੂਏਟ ਵਿਦਿਆਰਥੀਆਂ ਨੂੰ ਸੀਨੀਅਰ ਰੈਜੀਡੈਂਟ ਵਜੋਂ ਲੈ ਕੇ ਐਡਹਾਕ ਭਰਤੀ ਕੀਤਾ ਜਾਵੇ। ਇਹ ਨਿਯੁਕਤੀਆਂ ਬਾਅਦ ਵਿੱਚ ਇਮਤਿਹਾਨ ਪਾਸ ਹੋਣ ਦੀ ਸ਼ਰਤ ‘ਤੇ ਹੋਣਗੀਆਂ। ਉਨ੍ਹਾਂ ਸੁਝਾਅ ਦਿੱਤਾ ਕਿ ਸਟਾਫ ਦੀ ਤੁਰੰਤ ਕਮੀ ਦੂਰ ਕਰਨ ਲਈ ਸਹਾਇਕ ਪ੍ਰੋਫੈਸਰਾਂ ਨੂੰ ਵਾਕ-ਇਨ ਚੋਣ ਰਾਹੀਂ ਰੱਖ ਲਿਆ ਜਾਵੇ।
ਮੁੱਖ ਮੰਤਰੀ ਵੱਲੋਂ ਸੂਬੇ ਅੰਦਰ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਵੀਡੀਓ ਕਾਨਫਰੰਸ ਦੌਰਾਨ ਨਿਰਦੇਸ਼ ਜਾਰੀ ਕੀਤੇ ਗਏ।
ਇਹ ਦੱਸਦਿਆਂ ਕਿ ਸਿਹਤ ਵਿਭਾਗ ਨੂੰਵੱਖ-ਵੱਖ ਪੱਧਰ ਦੀਆਂ 6000 ਅਸਾਮੀਆਂ ਭਰਨ ਲਈ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਗਈ ਸੀ, ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰਾਂ ਖਾਸਕਰ ਐਨਸਥੀਜ਼ੀਆ ਮਾਹਿਰਾਂ, ਨਰਸਾਂ, ਲੈਬ ਤਕਨੀਸ਼ਨਾਂ, ਵਾਰਡ ਬੁਆਇ ਅਤੇ ਹੋਰਨਾਂ ਸਮੇਤ ਹਰ ਪੱਧਰ ‘ਤੇ ਭਰਤੀ ਪ੍ਰਕ੍ਰਿਆ ਨੂੰ ਤੇਜ਼ ਕਰਨ ਲਈ ਵਿਭਾਗ ਨੂੰ ਆਖਿਆ।
ਇਸ ਤੋਂ ਪਹਿਲਾਂ, ਆਪਣੀ ਵਿਸਥਾਰਤ ਪੇਸ਼ਕਾਰੀ ਦੌਰਾਨ ਡਾ. ਤਲਵਾੜ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਅਤੇ ਤੀਜਾ ਦਰਜਾ ਕੇਂਦਰ ਵਾਲੇ ਹਸਪਤਾਲਾਂ ਵਿੱਚ ਕੋਵਿਡ ਲਈ ਸੀਨੀਅਰ ਰੈਜੀਡੈਂਟ ਡਾਕਟਰਾਂ/ਐਨਸਥੀਜ਼ੀਆ/ਮੈਡੀਸਨ/ਜ਼ਰੂਰਤ ਅਨੁਸਾਰ ਹੋਰ ਲੋੜੀਂਦੇ ਸਟਾਫ ਦੀ ਜਲਦੀ ਭਰਤੀ ਦੀ ਜ਼ਰੂਰਤ ਹੈ। ਉਨ੍ਹਾਂ ਵੱਲੋਂ ਜੂਨੀਅਰ ਫੈਕਲਟੀ ਦੇ ਤਜਰਬੇ ਲਈ ਪੀ.ਜੀ.ਆਈ/ਏਮਜ਼ ਦੇ ਕੋਵਿਡ ਆਈ.ਸੀ.ਯੂ ਵਿੱਚ ਘੱਟ ਸਮੇਂ ਦੇ ਤਜਰਬੇ ਲਈ ਸੁਝਾਅ ਦਿੱਤਾ ਗਿਆ ਜਿਸ ਨੂੰ ਮੁੱਖ ਮੰਤਰੀ ਵੱਲੋਂ ਪ੍ਰਵਾਨਗੀ ਦਿੱਤੀ ਗਈ। ਮੁੱਖ ਮੰਤਰੀ ਵੱਲੋਂ ਉਸ ਸੁਝਾਅ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਜਿਸ ਵਿੱਚ ਆਈ.ਸੀ.ਯੂ ਵਿੱਚ ਮਰੀਜ਼ਾਂ ਨੂੰ ਵਧੀਆ ਇਲਾਜ ਦੇਣ ਲਈ ਐਨਸਥੀਜ਼ੀਆ/ਕ੍ਰੀਟੀਕਲ ਕੇਅਰ ਵਿੱਚੋਂ ਇੱਕ ਮੈਬਰ 24 ਘੰਟੇ ਡਿਊਟੀ ‘ਤੇ ਲਗਾਏ ਜਾਣ ਲਈ ਕਿਹਾ ਗਿਆ।
ਸੂਬੇ ਅੰਦਰ ਮਹਾਂਮਾਰੀ ਦੇ ਸਿਖਰ ਵੱਲ ਵਧਣ ਅਤੇ ਆਉਂਦੇ ਹਫਤਿਆਂ ‘ਚ ਸਥਿਤੀ ਗੰਭੀਰ ਹੋਣ ਦੀਆਂ ਪੇਸ਼ਨਗੋਈਆਂ ਬਾਰੇ ਮੁੱਖ ਮੰਤਰੀ ਵੱਲੋਂ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਬਿਨਾਂ ਲੱਛਣ ਵਾਲੇ ਕੇਸਾਂ ਦੇ ਸੈਂਪਲ ਪ੍ਰਮੁੱਖਤਾ ਨਾਲ ਲੈਣ ਅਤੇ ਕੋਵਿਡ ਟੈਸਟਾਂ ਦੀਆਂ ਰਿਪੋਰਟਾਂ 12 ਘੰਟਿਆਂ ਵਿੱਚ ਸੌਂਪੇ ਜਾਣ ਸਬੰਧੀ ਨਿਰਦੇਸ਼ ਦਿੱਤੇ ਗਏ। ਇਹ ਆਖਦਿਆਂ ਕਿ ਦੇਰੀ ਪਾਜ਼ੇਟਿਵ ਕੇਸਾਂ ਵਿੱਚ ਘਾਤਕ ਹੋ ਸਕਦੀ ਹੈ, ਉਨ੍ਹਾਂ ਲੋਕਾਂ ਨੂੰ ਮੁੱਢਲੇ ਲੱਛਣਾਂ ਦੇ ਉਜਾਗਰ ਹੋਣ ਜਾਂ ਹੋਰ ਪਹਿਲੂਆਂ ਸਬੰਧੀ ਸਭ ਤੋਂ ਪਹਿਲਾਂ 104 ਨੰਬਰ ਡਾਇਲ ਕਰਨ ਲਈ ਅਪੀਲ ਕੀਤੀ। ਕਈ ਮਾਮਲਿਆਂ ਵਿੱਚ ਦੇਰੀ ਕਾਰਨ ਮੌਤ ਦਰ ਵਧਣ ਦੀਆਂ ਰਿਪੋਰਟਾਂ ਬਾਰੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਢੁੱਕਵੇਂ ਸਮੇਂ ਇਲਾਜ ਲਈ ਨਾਗਰਿਕਾਂ ਨੂੰ ਸੁਚੇਤ ਕਰਨ ਲਈ ਹਰ ਕਦਮ ਚੁੱਕਣ ਵਾਸਤੇ ਆਖਿਆ।
ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਕੋਵਿਡ ਦੇ ਮਰੀਜ਼ਾਂ, ਜਿਨ੍ਹਾਂ ਵਿੱਚ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਮਰੀਜ਼ ਵੀ ਸ਼ਾਮਲ ਹਨ, ਬਾਰੇ ਜਾਣਕਾਰੀ ਇਕੱਤਰ ਕਰਨ ਅਤੇ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕਿਹਾ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਪ੍ਰਾਈਵੇਟ ਹਸਪਤਾਲਾਂ ਨਾਲ ਕਰੀਬੀ ਤਾਲਮੇਲ ਰੱਖਣ ਦੀ ਹਦਾਇਤ ਵੀ ਕੀਤੀ ਤਾਂ ਜੋ ਕੋਵਿਡ-19 ਖ਼ਿਲਾਫ਼ ਸੂਬੇ ਦੀ ਜੰਗ ਵਿੱਚ ਉਨ੍ਹਾਂ ਦਾ ਸਰਗਰਮ ਸਹਿਯੋਗ ਲਿਆ ਜਾ ਸਕੇ।
ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਨੁਸਾਰ ਸੂਬੇ ਦੇ 92 ਪ੍ਰਾਈਵੇਟ ਹਸਪਤਾਲ ਕੋਵਿਡ ਕੇਅਰ ਸਬੰਧੀ ਸਹੂਲਤਾਂ ਦੇਣ ਲਈ ਪਹਿਲਾਂ ਹੀ ਰਾਜ਼ੀ ਹੋ ਚੁੱਕੇ ਹਨ ਅਤੇ ਵਿਭਾਗ ਨੇ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਨਾਲ ਅਗਲੇਰੀ ਰਣਨੀਤੀ ਉਲੀਕਣ ਵਾਸਤੇ ਵਿਚਾਰ-ਵਟਾਂਦਰਾ ਕਰਨ ਲਈ ਭਲਕੇ ਮੀਟਿੰਗ ਰੱਖੀ ਹੈ। ਮੁੱਖ ਮੰਤਰੀ ਵੱਲੋਂ ਇਸ ਵਿਭਾਗ ਨੂੰ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਕੋਵਿਡ ਦੇ ਇਲਾਜ ਤੇ ਫੀਸ ਨਿਰਧਾਰਤ ਕਰਨ ਬਾਰੇ ਸੰਭਾਵਨਾਵਾਂ ਤਲਾਸ਼ਣ ਲਈ ਪਹਿਲਾਂ ਹੀ ਹਦਾਇਤ ਕੀਤੀ ਗਈ ਹੈ।
ਮੀਟਿੰਗ ਦੌਰਾਨ ਰਾਜ ਦੇ 19 ਮਾਈਕਰੋ-ਕੰਟੇਨਮੈਂਟ ਖੇਤਰਾਂ, ਜਿਨ੍ਹਾਂ ‘ਚ ਇਕ ਪਿੰਡ/ਵਾਰਡ ਵਿੱਚ 5 ਤੋਂ ਵੱਧ ਅਤੇ 15 ਤੱਕ ਕੋਵਿਡ ਪਾਜ਼ੇਟਿਵ ਕੇਸ ਹੋਣ, ਵਿੱਚ ਇਸ ਮਹਾਂਮਾਰੀ ਨੂੰ ਰੋਕਣ ਲਈ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਮੇਂ ਜ਼ਿਆਦਾਤਰ ਮਾਈਕਰੋ ਕੰਟੇਨਮੈਂਟ ਖੇਤਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਸੰਗਰੂਰ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਹਨ, ਜਿਨ੍ਹਾਂ ਵਿੱਚੋਂ ਪਹਿਲੇ ਤਿੰਨ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਕੇਸ ਆਏ ਹਨ।
ਮੁੱਖ ਮੰਤਰੀ ਨੇ ਵਿਭਾਗ ਨੂੰ ਮਾਈਕਰੋ-ਕੰਟੇਨਮੈਂਟ ਖੇਤਰਾਂ ਵਿੱਚ ਜੰਗੀ ਪੱਧਰ ‘ਤੇ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਕਰਨ ਤੋਂ ਇਲਾਵਾ ਇਲਾਜ ਅਤੇ ਨਿਗਰਾਨੀ ਨੂੰ ਹੋਰ ਸਰਗਰਮ ਕਰਨ ਲਈ ਕਿਹਾ। ਉਨ੍ਹਾਂ ਨੇ ਸੂਬਾ ਭਰ ਵਿੱਚ ਨਮੂਨੇ ਇਕੱਤਰ ਕਰਨ ਨੂੰ ਹੋਰ ਗਤੀਸ਼ੀਲ ਬਣਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। 21 ਜੂਨ ਤੱਕ ਕੁੱਲ 2,39,995 ਨਮੂਨਿਆਂ ਦੀ ਜਾਂਚ ਕੀਤੀ ਗਈ। 21 ਜੂਨ ਤੱਕ ਪੰਜਾਬ ਵਿੱਚ 1276 ਐਕਟਿਵ ਕੇਸ ਸਨ, ਜਿਨ੍ਹਾਂ ਵਿੱਚੋਂ ਪੰਜ ਵੈਂਟੀਲੇਟਰ ਅਤੇ 21 ਆਕਸੀਜਨ ‘ਤੇ ਸਨ ਅਤੇ ਇਸ ਬਿਮਾਰੀ ਕਾਰਨ 99 ਜਾਨਾਂ ਗਈਆਂ ਸਨ।