ਲਾਡੋਵਾਲ ਟੋਲ ਪਲਾਜ਼ਾ ‘ਤੇ ਫਿਰ ਵਧੀਆਂ ਦਰਾਂ, ਚਾਰ ਮਹੀਨਿਆਂ ਵਿੱਚ ਦੂਜੀ ਵਾਰ ਮਹਿੰਗਾ ਹੋਇਆ ਸਫ਼ਰ

ਨਿਊਜ਼ ਪੰਜਾਬ

15 ਜੁਲਾਈ,2026

ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚੋਂ ਇੱਕ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਇੱਕ ਵਾਰ ਫਿਰ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਟੋਲ ਦਰਾਂ ਵਿੱਚ ਮੁੜ ਵਾਧਾ ਕਰਦੇ ਹੋਏ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ। ਚਾਰ ਮਹੀਨਿਆਂ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਟੋਲ ਰੇਟ ਵਧਾਏ ਗਏ ਹਨ।

ਹੁਣ ਕਾਰ, ਜੀਪ, ਵੈਨ ਅਤੇ ਹਲਕੇ ਮੋਟਰ ਵਾਹਨਾਂ ਲਈ ਸਿੰਗਲ ਯਾਤਰਾ ਦਾ ਟੋਲ ₹225 ਤੋਂ ਵਧਾ ਕੇ ₹235 ਕਰ ਦਿੱਤਾ ਗਿਆ ਹੈ, ਜਦਕਿ 24 ਘੰਟਿਆਂ ਦੇ ਅੰਦਰ ਵਾਪਸੀ ਯਾਤਰਾ ਲਈ ₹350 ਅਦਾ ਕਰਨੇ ਪੈਣਗੇ। ਇਸੇ ਤਰ੍ਹਾਂ ਛੋਟੇ ਵਪਾਰਕ ਵਾਹਨਾਂ ਅਤੇ ਮਿੰਨੀ ਬੱਸਾਂ ਦਾ ਟੋਲ ₹380, ਦੋ-ਐਕਸਲ ਬੱਸਾਂ ਅਤੇ ਟਰੱਕਾਂ ਦਾ ₹795, ਤਿੰਨ-ਐਕਸਲ ਵਾਹਨਾਂ ਦਾ ₹865 ਅਤੇ ਭਾਰੀ ਮਸ਼ੀਨਰੀ ਜਾਂ ਮਲਟੀ-ਐਕਸਲ ਵਾਹਨਾਂ ਦਾ ਟੋਲ ₹1,245 ਕਰ ਦਿੱਤਾ ਗਿਆ ਹੈ। ਸਭ ਤੋਂ ਵੱਡਾ ਵਾਧਾ 7 ਜਾਂ ਇਸ ਤੋਂ ਵੱਧ ਐਕਸਲ ਵਾਲੇ ਵੱਡੇ ਟਰੱਕਾਂ ‘ਤੇ ਕੀਤਾ ਗਿਆ ਹੈ, ਜਿਨ੍ਹਾਂ ਲਈ ਸਿੰਗਲ ਯਾਤਰਾ ਦਾ ਟੋਲ ਹੁਣ ₹1,515 ਅਤੇ ਵਾਪਸੀ ਯਾਤਰਾ ਦਾ ₹2,270 ਹੋਵੇਗਾ। ਟੋਲ ਦਰਾਂ ਵਿੱਚ ₹10 ਤੋਂ ₹60 ਤੱਕ ਦੇ ਇਸ ਵਾਧੇ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ, ਟਰਾਂਸਪੋਰਟਰਾਂ ਅਤੇ ਵਪਾਰਕ ਖੇਤਰ ‘ਤੇ ਵਾਧੂ ਆਰਥਿਕ ਬੋਝ ਪਵੇਗਾ, ਜਿਸ ਦਾ ਅਸਰ ਆਵਾਜਾਈ ਖਰਚਿਆਂ ਦੇ ਨਾਲ-ਨਾਲ ਆਮ ਲੋਕਾਂ ਦੀ ਜੇਬ ‘ਤੇ ਵੀ ਪੈ ਸਕਦਾ ਹੈ।