ਅਖਬਾਰ ‘ਚ ਸਮੋਸੇ-ਚਾਟ ਪਰੋਸਣਾ ਪਵੇਗਾ ਮਹਿੰਗਾ, FSSAI ਨੇ ਜਾਰੀ ਕੀਤੀ ਸਖ਼ਤ ਚੇਤਾਵਨੀ

ਨਿਊਜ਼ ਪੰਜਾਬ

7 ਜੂਨ 2026

ਜੇ ਤੁਸੀਂ ਵੀ ਅਖਬਾਰ ਵਿੱਚ ਲਪੇਟੇ ਸਮੋਸੇ, ਪਕੌੜੇ ਜਾਂ ਚਾਟ ਖਾਣ ਦੇ ਸ਼ੌਕੀਨ ਹੋ ਤਾਂ ਹੁਣ ਸਾਵਧਾਨ ਹੋਣ ਦੀ ਲੋੜ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਅਖਬਾਰ ਵਿੱਚ ਭੋਜਨ ਪੈਕ ਕਰਨ ਜਾਂ ਪਰੋਸਣ ‘ਤੇ ਸਖ਼ਤ ਪਾਬੰਦੀ ਲਗਾਉਂਦਿਆਂ ਸਾਰੇ ਫੂਡ ਵਿਕਰੇਤਾਵਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਜਿਸ ਵਿੱਚ ਤੁਰੰਤ ਪ੍ਰਭਾਵ ਨਾਲ ਅਖਬਾਰ ਵਿੱਚ ਭੋਜਨ ਪੈਕ ਕਰਨ ਜਾਂ ਪਰੋਸਣ ‘ਤੇ ਪਾਬੰਦੀ ਲਗਾਈ ਗਈ ਹੈ।

ਇਹ ਫੈਸਲਾ ਮੁੰਬਈ ਵਿੱਚ ਹਾਲ ਹੀ ਵਿੱਚ ਹੋਈ ਇੱਕ ਵੱਡੀ ਕਾਰਵਾਈ ਤੋਂ ਬਾਅਦ ਆਇਆ ਹੈ। ਮੁੰਬਈ ਵਿੱਚ ਇੱਕ ਬਹੁਤ ਮਸ਼ਹੂਰ ਵੜਾ-ਪਾਵ ਵਿਕਰੇਤਾ ਗਾਹਕਾਂ ਨੂੰ ਅਖਬਾਰ ਵਿੱਚ ਭੋਜਨ ਪਰੋਸਦਾ ਅਤੇ ਪੈਕ ਕਰਦਾ ਪਾਇਆ ਗਿਆ। ਇਸ ਘਟਨਾ ਤੋਂ ਬਾਅਦ, FSSAI ਦੇ ਪੱਛਮੀ ਜ਼ੋਨ ਅਤੇ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਸਾਂਝੇ ਤੌਰ ‘ਤੇ ਦੁਕਾਨ ਵਿਰੁੱਧ ਕਾਰਵਾਈ ਕੀਤੀ। ਇਸ ਘਟਨਾ ਤੋਂ ਬਾਅਦ, ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਜਾਂ ਵਿਕਰੇਤਾ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਹੁਕਮ ਸਟ੍ਰੀਟ ਫੂਡ ਵੈਂਡਰਸ, ਰੈਸਟੋਰੈਂਟਾਂ, ਕਲਾਉਡ ਕਿਚਨ, ਕੇਟਰਰਾਂ, ਕੁਇਕ ਸਰਵਿਸ ਰੈਸਟੋਰੈਂਸਟ, ਫੂਡ ਸਟਾਲਾਂ, ਛੋਟੇ ਦੁਕਾਨਦਾਰਾਂ, ਮੋਬਾਈਲ ਫੂਡ ਵੈਂਡਰ, ਹਾਕਰ ਆਦਿ ‘ਤੇ ਲਾਗੂ ਹੋਵੇਗਾ।ਅਥਾਰਟੀ ਮੁਤਾਬਕ ਅਖਬਾਰ ਦੀ ਸਿਆਹੀ ਵਿੱਚ ਮੌਜੂਦ ਹਾਨੀਕਾਰਕ ਰਸਾਇਣ ਗਰਮ ਭੋਜਨ ਨਾਲ ਮਿਲ ਕੇ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।