ਨਿਊਜ਼ ਪੰਜਾਬ
27 ਮਈ 2026
ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ ਨੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਆਸਾਰਾਮ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਅਰੁਣ ਮੋਂਗਾ ਅਤੇ ਜਸਟਿਸ ਯੋਗੇਂਦਰ ਕੁਮਾਰ ਪੁਰੋਹਿਤ ਦੀ ਡਵੀਜ਼ਨ ਬੈਂਚ ਨੇ ਕਿਹਾ ਕਿ ਪੀੜਤਾ ਵੱਲੋਂ ਲਗਾਏ ਗਏ ਦੋਸ਼ ਭਰੋਸੇਯੋਗ ਹਨ ਅਤੇ ਮਜ਼ਬੂਤ ਸਬੂਤਾਂ ਨਾਲ ਸਾਬਤ ਹੁੰਦੇ ਹਨ। ਹਾਲਾਂਕਿ, ਅਦਾਲਤ ਨੇ ਸਹਿ-ਦੋਸ਼ੀ ਸ਼ਿਲਪੀ ਅਤੇ ਸ਼ਰਤਚੰਦਰ ਨੂੰ ਬਰੀ ਕਰ ਦਿੱਤਾ। ਫੈਸਲੇ ਤੋਂ ਬਾਅਦ ਅੰਤਰਿਮ ਜ਼ਮਾਨਤ ’ਤੇ ਚੱਲ ਰਹੇ ਆਸਾਰਾਮ ਨੂੰ ਹੁਣ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਆਤਮ ਸਮਰਪਣ ਕਰਨਾ ਪਵੇਗਾ। ਬਚਾਅ ਪੱਖ ਨੇ ਮਾਮਲੇ ਨੂੰ ਮਨਘੜਤ ਦੱਸਦੇ ਹੋਏ ਕਈ ਵਿਰੋਧਾਭਾਸਾਂ ਦਾ ਹਵਾਲਾ ਦਿੱਤਾ, ਪਰ ਹਾਈ ਕੋਰਟ ਨੇ ਸਾਰੀਆਂ ਦਲੀਲਾਂ ਖਾਰਜ ਕਰਦਿਆਂ ਸਜ਼ਾ ਨੂੰ ਕਾਇਮ ਰੱਖਿਆ।
