ਪੰਜਾਬ ਨਗਰ ਨਿਗਮ ਚੋਣਾਂ ਦੌਰਾਨ ਰਾਏਕੋਟ ‘ਚ ਹੰਗਾਮਾ, ਕਾਂਗਰਸੀ ਉਮੀਦਵਾਰ ‘ਤੇ ਹਮਲੇ ਦੇ ਦੋਸ਼

ਨਿਊਜ਼ ਪੰਜਾਬ

26 ਮਈ 2026

ਪੰਜਾਬ ਦੇ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਅੱਜ ਵੋਟਿੰਗ ਜਾਰੀ ਹੈ। ਬਠਿੰਡਾ, ਅਬੋਹਰ, ਬਟਾਲਾ, ਬਰਨਾਲਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਮੋਹਾਲੀ ਵਿੱਚ ਲੋਕ ਆਪਣੇ ਵੋਟ ਦਾ ਅਧਿਕਾਰ ਵਰਤ ਰਹੇ ਹਨ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਹੋ ਰਹੀ ਹੈ। ਇਸ ਚੋਣ ਵਿੱਚ 7,555 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ 36.73 ਲੱਖ ਵੋਟਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣਾਂ ਨੂੰ ਸ਼ਾਂਤੀਪੂਰਨ ਬਣਾਉਣ ਲਈ 35 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਸੂਬੇ ਵਿੱਚ ਸਰਕਾਰੀ ਛੁੱਟੀ ਦੇ ਨਾਲ ਸ਼ਰਾਬ ਦੀ ਵਿਕਰੀ ‘ਤੇ ਵੀ ਪਾਬੰਦੀ ਲਗਾਈ ਗਈ ਹੈ।

ਇਸ ਦੌਰਾਨ ਲੁਧਿਆਣਾ ਦੇ ਰਾਏਕੋਟ ਵਿੱਚ ਵੋਟਿੰਗ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਕਰਾਂ ਵਿਚਕਾਰ ਝੜਪ ਹੋ ਗਈ। ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ‘ਆਪ’ ਵਿਧਾਇਕ ਹਾਕਮ ਠੇਕੇਦਾਰ ਦੇ ਸਮਰਥਕਾਂ ਨੇ ਵਾਰਡ ਨੰਬਰ 4 ਤੋਂ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ‘ਤੇ ਜਾਨਲੇਵਾ ਹਮਲਾ ਕੀਤਾ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ। ਪਹਿਲਾਂ ਉਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਬਾਅਦ ਵਿੱਚ ਹਾਲਤ ਨਾਜ਼ੁਕ ਹੋਣ ਕਾਰਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕੀਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ।