ਪੰਜਾਬ ਵਿਜੀਲੈਂਸ ‘ਤੇ CBI ਦਾ ਵੱਡਾ ਐਕਸ਼ਨ, ਮੋਹਾਲੀ ਦਫ਼ਤਰ ‘ਤੇ ਛਾਪਾ; ਸੀਨੀਅਰ ਅਧਿਕਾਰੀ ਦਾ ਰੀਡਰ ਹਿਰਾਸਤ ਵਿੱਚ

ਨਿਊਜ਼ ਪੰਜਾਬ

12 ਮਈ 2026

ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਤੋਂ ਬਾਅਦ ਹੁਣ ਕੇਂਦਰੀ ਜਾਂਚ ਬਿਊਰੋ (CBI) ਵੀ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਸੋਮਵਾਰ ਦੇਰ ਰਾਤ ਸੀਬੀਆਈ ਦੀ ਟੀਮ ਨੇ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ‘ਤੇ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਕਾਰਵਾਈ ਦੌਰਾਨ ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਦੇ ਰੀਡਰ ਓ.ਪੀ. ਰਾਣਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸਦੇ ਨਾਲ ਹੀ ਮਲੋਟ ਦੀ ਕ੍ਰਿਸ਼ਨਾ ਕਲੋਨੀ ਵਿੱਚ ਰਾਘਵ ਗੋਇਲ ਅਤੇ ਵਿਕਾਸ ਗੋਇਲ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਹਾਲਾਂਕਿ ਸੀਬੀਆਈ ਵੱਲੋਂ ਅਜੇ ਤੱਕ ਅਧਿਕਾਰਕ ਤੌਰ ‘ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਕਿ 20 ਲੱਖ ਰੁਪਏ ਦੇ ਕਥਿਤ ਰਿਸ਼ਵਤ ਮਾਮਲੇ ਦੀ ਜਾਂਚ ਦੌਰਾਨ ਕੇਂਦਰੀ ਏਜੰਸੀ ਨੇ 13 ਲੱਖ ਰੁਪਏ ਬਰਾਮਦ ਕੀਤੇ ਹਨ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਇੱਕ ਪੰਜ-ਸਿਤਾਰਾ ਹੋਟਲ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ, ਜਿਸ ਕਾਰਨ ਮਾਮਲਾ ਹੋਰ ਵੀ ਚਰਚਾ ਵਿੱਚ ਆ ਗਿਆ ਹੈ।