ਨਿਊਜ਼ ਪੰਜਾਬ
7 ਮਈ 2026
Paytm ਦੀ ਮੂਲ ਕੰਪਨੀ One97 Communications Limited ਦੇ ਸ਼ੇਅਰਾਂ ਵਿੱਚ 7 ਮਈ ਨੂੰ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਕੰਪਨੀ ਦੇ ਸ਼ੇਅਰ ਬੀਐਸਈ ‘ਤੇ ਲਗਭਗ 7 ਫੀਸਦੀ ਚੜ੍ਹ ਕੇ ₹1,186.25 ਦੇ ਉੱਚ ਪੱਧਰ ਤੱਕ ਪਹੁੰਚ ਗਏ। ਨਿਵੇਸ਼ਕਾਂ ਵੱਲੋਂ ਇਹ ਖਰੀਦਦਾਰੀ ਕੰਪਨੀ ਦੇ ਪਹਿਲੀ ਵਾਰ ਮੁਨਾਫੇ ਵਿੱਚ ਆਉਣ ਤੋਂ ਬਾਅਦ ਦੇਖਣ ਨੂੰ ਮਿਲੀ ਹੈ। ਜਨਵਰੀ-ਮਾਰਚ 2026 ਤਿਮਾਹੀ ਵਿੱਚ ਕੰਪਨੀ ਨੇ ₹183 ਕਰੋੜ ਦਾ ਸ਼ੁੱਧ ਏਕੀਕ੍ਰਿਤ ਲਾਭ ਦਰਜ ਕੀਤਾ, ਜਦਕਿ ਪਿਛਲੇ ਸਾਲ ਇਸੇ ਸਮੇਂ ₹545 ਕਰੋੜ ਦਾ ਘਾਟਾ ਹੋਇਆ ਸੀ।
ਕੰਪਨੀ ਦੀ ਆਮਦਨ ਵਿੱਚ ਵੀ ਮਜ਼ਬੂਤ ਵਾਧਾ ਦਰਜ ਕੀਤਾ ਗਿਆ। ਮਾਰਚ 2026 ਤਿਮਾਹੀ ਦੌਰਾਨ ਸੰਚਾਲਨ ਤੋਂ ਏਕੀਕ੍ਰਿਤ ਮਾਲੀਆ 18.4 ਫੀਸਦੀ ਵਧ ਕੇ ₹2,264 ਕਰੋੜ ਹੋ ਗਿਆ, ਜੋ ਇੱਕ ਸਾਲ ਪਹਿਲਾਂ ₹1,912 ਕਰੋੜ ਸੀ। ਇਸ ਦੌਰਾਨ ਕੰਪਨੀ ਦਾ EBITDA ਮੁਨਾਫਾ ₹132 ਕਰੋੜ ਰਿਹਾ, ਜਦਕਿ ਪਿਛਲੇ ਸਾਲ EBITDA ਘਾਟਾ ₹88 ਕਰੋੜ ਸੀ। EBITDA ਮਾਰਜਿਨ 5 ਫੀਸਦੀ ਦਰਜ ਕੀਤਾ ਗਿਆ।
ਪੂਰੇ ਵਿੱਤੀ ਸਾਲ 2025-26 ਲਈ ਵੀ ਕੰਪਨੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। Paytm ਨੇ ₹552 ਕਰੋੜ ਦਾ ਏਕੀਕ੍ਰਿਤ ਸ਼ੁੱਧ ਲਾਭ ਕਮਾਇਆ, ਜਦਕਿ ਪਿਛਲੇ ਵਿੱਤੀ ਸਾਲ ਵਿੱਚ ₹663 ਕਰੋੜ ਦਾ ਘਾਟਾ ਹੋਇਆ ਸੀ। ਕੰਪਨੀ ਦੀ ਕੁੱਲ ਆਮਦਨ 22.2 ਫੀਸਦੀ ਵਧ ਕੇ ₹8,437 ਕਰੋੜ ਹੋ ਗਈ। ਇਹ ਕੰਪਨੀ ਦੇ ਇਤਿਹਾਸ ਦਾ ਪਹਿਲਾ ਪੂਰਾ ਵਿੱਤੀ ਸਾਲ ਹੈ ਜਿਸ ਵਿੱਚ ਉਹ ਮੁਨਾਫੇ ਵਿੱਚ ਰਹੀ।
ਹਾਲਾਂਕਿ RBI ਵੱਲੋਂ Paytm Payments Bank Limited ਦਾ ਬੈਂਕਿੰਗ ਲਾਇਸੈਂਸ ਰੱਦ ਕੀਤਾ ਜਾ ਚੁੱਕਾ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ One97 Communications ਦੇ ਮੁੱਖ ਕਾਰੋਬਾਰ ਅਤੇ ਵਿੱਤੀ ਹਾਲਤ ‘ਤੇ ਕੋਈ ਵੱਡਾ ਸਿੱਧਾ ਪ੍ਰਭਾਵ ਨਹੀਂ ਪਵੇਗਾ।
