ਨਿਊਜ਼ ਪੰਜਾਬ
26 ਅਪ੍ਰੈਲ 2026
ਪੰਜਾਬ ਵਿੱਚ ਗੈਂਗਸਟਰਾਂ ਖ਼ਿਲਾਫ਼ ਚਲ ਰਹੀ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਕਾਰਵਾਈ ਦੌਰਾਨ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ .32 ਬੋਰ, ਇੱਕ ਦੇਸੀ ਪਿਸਤੌਲ .315 ਬੋਰ ਅਤੇ ਕੁੱਲ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਐਸਪੀ ਡੀ ਜਸਮੀਤ ਸਿੰਘ ਸਾਹੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਟੀਮ ਵੈਟਨਰੀ ਕਾਲਜ ਕੋਲ ਨਾਕਾਬੰਦੀ ਕਰ ਰਹੀ ਸੀ, ਜਿੱਥੇ ਜੰਗਲ ਵੱਲੋਂ ਆ ਰਹੇ ਦੋ ਨੌਜਵਾਨਾਂ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਇਕਲ ਬੰਦ ਹੋਣ ਕਾਰਨ ਉਹ ਕਾਬੂ ਆ ਗਏ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਹੋਇਆ, ਜਿਸ ਨਾਲ ਪੁਲਿਸ ਨੇ ਗੈਂਗਸਟਰ ਗਤੀਵਿਧੀਆਂ ’ਤੇ ਵੱਡੀ ਚੋਟ ਮਾਰੀ ਹੈ।
