ਚੰਡੀਗੜ੍ਹ ਦੇ ਪੰਜ ਸਕੂਲਾਂ ਨੂੰ ਬੰਬ ਧਮਕੀ, ਸੁਰੱਖਿਆ ਏਜੰਸੀਆਂ ਅਲਰਟ ‘ਤੇ

ਨਿਊਜ਼ ਪੰਜਾਬ

16 ਅਪ੍ਰੈਲ 2026

ਚੰਡੀਗੜ੍ਹ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ ਪੰਜ ਪ੍ਰਮੁੱਖ ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ ਵਾਲੀਆਂ ਈਮੇਲਾਂ ਮਿਲੀਆਂ। ਜਾਣਕਾਰੀ ਮੁਤਾਬਕ ਸੈਕਟਰ 49 ਦੇ ਰਿਆਨ ਇੰਟਰਨੈਸ਼ਨਲ ਸਕੂਲ, ਸੈਕਟਰ 45 ਦੇ ਸੇਂਟ ਸਟੀਫਨ ਸਕੂਲ, ਸੈਕਟਰ 41 ਦੇ ਅਜੀਤ ਕਰਮ ਸਿੰਘ ਸਕੂਲ, ਸੈਕਟਰ 32 ਦੇ ਸੈਂਪਿਨਸ ਸਕੂਲ ਅਤੇ ਸੈਕਟਰ 26 ਦੇ ਸੇਂਟ ਜੌਹਨ ਸਕੂਲ ਨੂੰ ਇਹ ਧਮਕੀਆਂ ਭੇਜੀਆਂ ਗਈਆਂ।

ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਸਾਵਧਾਨੀ ਦੇ ਤੌਰ ‘ਤੇ ਸਾਰੇ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਜਿੱਥੇ ਬੰਬ ਸਕੁਐਡ ਅਤੇ ਡੌਗ ਸਕੁਐਡ ਦੀਆਂ ਟੀਮਾਂ ਵੱਲੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੰਦੇ ਹੋਏ, ਸਕੂਲ ਪ੍ਰਬੰਧਕਾਂ ਨੇ ਤੁਰੰਤ ਕਦਮ ਚੁੱਕਦੇ ਹੋਏ ਕਈ ਥਾਵਾਂ ‘ਤੇ ਬੱਚਿਆਂ ਨੂੰ ਜਲਦੀ ਛੁੱਟੀ ਦੇ ਦਿੱਤੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਭਰੀ ਈਮੇਲਾਂ ਤੋਂ ਬਾਅਦ ਸ਼ਹਿਰ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸਕੂਲਾਂ ਦੇ ਆਲੇ-ਦੁਆਲੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਆਉਣ-ਜਾਣ ਵਾਲੇ ਲੋਕਾਂ ‘ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਸਕੂਲ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ, ਪਰ ਜਾਂਚ ਜਾਰੀ ਹੈ।