ਨਿਊਜ਼ ਪੰਜਾਬ
9 ਅਪ੍ਰੈਲ 2026
ਗੁਰਦਾਸਪੁਰ ਦੇ ਬਬਰੀ ਬਾਈਪਾਸ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫਤਾਰ ਬੱਸ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਇਕ ਕਾਰ ਉੱਤੇ ਪਲਟ ਗਈ। ਹਾਦਸੇ ਸਮੇਂ ਬੱਸ ਵਿੱਚ ਕਰੀਬ 30 ਤੋਂ 35 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਚਾਲਕ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਜਖਮੀਆਂ ਨੂੰ ਪੁਲਿਸ ਦੀ ਮਦਦ ਨਾਲ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਸ਼ੁਰੂਆਤੀ ਜਾਂਚ ਮੁਤਾਬਕ ਬੱਸ ਦੀ ਤੇਜ਼ ਰਫਤਾਰ ਕਾਰਨ ਸੰਤੁਲਨ ਵਿਗੜਿਆ, ਜਿਸ ਨਾਲ ਇਹ ਹਾਦਸਾ ਵਾਪਰਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਾਦਸੇ ਕਾਰਨ ਹਾਈਵੇ ‘ਤੇ ਲੰਬਾ ਜਾਮ ਵੀ ਲੱਗ ਗਿਆ।
