ਖਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਜਥੇ ਦੇ ਸ਼ਡਿਊਲ ਵਿੱਚ ਬਦਲਾਅ, 10 ਅਪ੍ਰੈਲ ਨੂੰ ਰਵਾਨਗੀ

ਨਿਊਜ਼ ਪੰਜਾਬ

5 ਅਪ੍ਰੈਲ 2026

ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਦੇ ਪ੍ਰੋਗਰਾਮ ਵਿੱਚ ਅਹਿਮ ਤਬਦੀਲੀ ਕੀਤੀ ਗਈ ਹੈ। ਮੁੱਖ ਸਕੱਤਰ Kulwant Singh Mannan ਨੇ ਦੱਸਿਆ ਕਿ ਇਸ ਵਾਰ ਵਿਸਾਖੀ ਜਥੇ ਦੇ ਸ਼ਡਿਊਲ ਵਿੱਚ ਕੁਝ ਬਦਲਾਅ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ, ਪਹਿਲਾਂ ਇਹ ਜਥਾ 12 ਅਪ੍ਰੈਲ ਨੂੰ ਰਵਾਨਾ ਹੋ ਕੇ 21 ਅਪ੍ਰੈਲ ਨੂੰ ਵਾਪਸ ਆਉਣਾ ਸੀ, ਪਰ ਹੁਣ ਨਵੇਂ ਸ਼ਡਿਊਲ ਅਨੁਸਾਰ ਸ਼ਰਧਾਲੂ 10 ਅਪ੍ਰੈਲ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ ਅਤੇ 19 ਅਪ੍ਰੈਲ ਨੂੰ ਵਤਨ ਵਾਪਸੀ ਕਰਨਗੇ। ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਯਾਤਰਾ ਲਈ 1860 ਪਾਸਪੋਰਟ ਭੇਜੇ ਗਏ ਹਨ ਅਤੇ ਉਮੀਦ ਹੈ ਕਿ ਲਗਭਗ 1800 ਸ਼ਰਧਾਲੂਆਂ ਨੂੰ ਵੀਜ਼ਾ ਮਿਲੇਗਾ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬੀਬੀਆਂ ਦੇ ਜਾਣ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਅਤੇ ਹਰ ਸ਼ਰਧਾਲੂ ਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਪੂਰੀ ਆਜ਼ਾਦੀ ਹੈ, ਹਾਲਾਂਕਿ ਸੁਰੱਖਿਆ ਦੇ ਨਜ਼ਰੀਏ ਨਾਲ ਇਕੱਠੇ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ।