ਪਰਮਿੰਦਰ ਤਿਵਾੜੀ ਕਤਲ ਮਾਮਲੇ ’ਚ ਇਨਸਾਫ ਦੀ ਮੰਗ, ਖੰਨਾ ’ਚ ਕਾਂਗਰਸ ਦਾ ਅਣਮਿੱਥਾ ਧਰਨਾ

ਨਿਊਜ਼ ਪੰਜਾਬ

31 ਮਾਰਚ 2026

ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਮਾਮਲੇ ਦੀ ਗੁੱਥੀ ਅਜੇ ਤੱਕ ਨਾ ਸੁਲਝਣ ਕਾਰਨ ਕਾਂਗਰਸ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਾਤਲਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਪੁਲਿਸ ਅਤੇ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਜ਼ਾਹਰ ਕਰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੀ ਕਾਂਗਰਸ ਲੀਡਰਸ਼ਿਪ ਵੱਲੋਂ ਹਾੜੀਆਂ ਅੱਡੇ ’ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ।

ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸਮਰਥਕ ਅਤੇ ਆਗੂ ਸ਼ਾਮਲ ਹੋ ਰਹੇ ਹਨ। ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਸਮੇਤ ਹੋਰ ਆਗੂ ਮੌਜੂਦ ਹਨ, ਜਦਕਿ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਧਰਨੇ ਵਿੱਚ ਸ਼ਮੂਲੀਅਤ ਲਈ ਪਹੁੰਚ ਰਹੇ ਹਨ। ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਧਰਨਾ ਲੰਮਾ ਚੱਲਣ ਦੇ ਆਸਾਰ ਬਣ ਰਹੇ ਹਨ।