15 ਗਜ਼ ਦੀ ਜ਼ਮੀਨ ਬਣੀ ਕਤਲ ਦਾ ਕਾਰਨ: ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਕੁਹਾੜੀ ਨਾਲ ਕਤਲ, ਇਨਸਾਫ਼ ਤੱਕ ਅੰਤਿਮ ਸੰਸਕਾਰ ਤੋਂ ਇਨਕਾਰ

ਨਿਊਜ਼ ਪੰਜਾਬ

30 ਮਾਰਚ 2026

ਮਾਛੀਵਾੜਾ ਨੇੜੇ ਹਾੜੀਆਂ ਅੱਡੇ ਕੋਲ ਬੀਤੀ ਸ਼ਾਮ ਕਰੀਬ 6:30 ਵਜੇ ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਬਹੁਤ ਹੀ ਬੇਰਹਿਮੀ ਨਾਲ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹੱਤਿਆ ਸਿਰਫ਼ 15 ਗਜ਼ ਪੰਚਾਇਤੀ ਜ਼ਮੀਨ ਦੇ ਵਿਵਾਦ ਕਾਰਨ ਕੀਤੀ ਗਈ।

ਦੋਸ਼ੀ ਵਜੋਂ ਵਿਜੈ ਕੁਮਾਰ ਦੀ ਪਛਾਣ ਹੋਈ ਹੈ, ਜੋ ਇਸ ਮਾਮਲੇ ਵਿੱਚ ਪਹਿਲਾਂ ਤੋਂ ਰੰਜਿਸ਼ ਰੱਖਦਾ ਸੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਹੈ, ਜਦਕਿ ਮਾਲਵਾ ਚੌਕ ਦੀਆਂ ਸੈਂਕੜੇ ਦੁਕਾਨਾਂ ਵੀ ਬੰਦ ਰਹੀਆਂ। ਪਰਿਵਾਰ ਅਤੇ ਪਾਰਟੀ ਨੇ ਸਾਫ਼ ਕਿਹਾ ਹੈ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸੱਚ ਸਾਹਮਣੇ ਨਹੀਂ ਲਿਆਉਂਦੀ, ਉਦੋਂ ਤੱਕ ਨਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਥਾਨਕ ਲੋਕਾਂ ਵੱਲੋਂ ਵੀ ਇਸ ਕਤਲ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।