ਆਂਧਰਾ ਪ੍ਰਦੇਸ਼ ਵਿੱਚ ਭਿਆਨਕ ਸੜਕ ਹਾਦਸਾ: ਬੱਸ-ਟਿੱਪਰ ਟੱਕਰ ਤੋਂ ਬਾਅਦ ਅੱਗ, 12 ਮੌਤਾਂ

ਨਿਊਜ਼ ਪੰਜਾਬ

26 ਮਾਰਚ 2026

ਆਂਧਰਾ ਪ੍ਰਦੇਸ਼ ਦੇ ਮਾਰਕਪੁਰਮ ਇਲਾਕੇ ਵਿੱਚ ਵੀਰਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਨਿੱਜੀ ਬੱਸ ਅਤੇ ਟਿੱਪਰ ਲਾਰੀ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਤੁਰੰਤ ਬਾਅਦ ਬੱਸ ਵਿੱਚ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਯਾਤਰੀ ਗੰਭੀਰ ਤੌਰ ‘ਤੇ ਝੁਲਸ ਗਏ।

ਪੁਲਿਸ ਦੇ ਅਨੁਸਾਰ, ਇਹ ਹਾਦਸਾ ਸਵੇਰੇ ਕਰੀਬ 6 ਵਜੇ ਉਸ ਵੇਲੇ ਵਾਪਰਿਆ ਜਦੋਂ ਨਿਰਮਲ ਤੋਂ ਨੱਲੋਰ ਜਾ ਰਹੀ ਹਰੀਕ੍ਰਿਸ਼ਨ ਟਰੈਵਲਜ਼ ਦੀ ਬੱਸ ਇੱਕ ਟਿੱਪਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਤੁਰੰਤ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਕਈ ਯਾਤਰੀਆਂ ਨੂੰ ਬਚਣ ਦਾ ਮੌਕਾ ਵੀ ਨਾ ਮਿਲਿਆ।

ਮਾਰਕਪੁਰਮ ਦੇ ਡੀਐਸਪੀ ਨਾਗਰਾਜੂ ਨੇ ਦੱਸਿਆ ਕਿ ਘਟਨਾ ਵਿੱਚ ਕਈ ਲੋਕ ਸੜ ਕੇ ਮਾਰੇ ਗਏ ਹਨ ਅਤੇ ਲਗਭਗ 18 ਤੋਂ 20 ਜ਼ਖਮੀ ਯਾਤਰੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।ਪੁਲਿਸ ਅਤੇ ਬਚਾਅ ਟੀਮਾਂ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਚਿੰਤਾ ਜਤਾਈ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।