ਬੰਗਲਾਦੇਸ਼ ਵਿੱਚ ਭਿਆਨਕ ਹਾਦਸਾ: ਬੱਸ ਪਦਮਾ ਨਦੀ ਵਿੱਚ ਡਿੱਗੀ, 23 ਮੌਤਾਂ

ਨਿਊਜ਼ ਪੰਜਾਬ

26 ਮਾਰਚ 2026

ਬੰਗਲਾਦੇਸ਼ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਯਾਤਰੀ ਬੱਸ ਪਦਮਾ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਹੁਣ ਤੱਕ 23 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 11 ਯਾਤਰੀ ਤੈਰ ਕੇ ਸੁਰੱਖਿਅਤ ਬਚ ਨਿਕਲੇ ਹਨ। ਬੱਸ ਵਿੱਚ ਲਗਭਗ 40 ਯਾਤਰੀ ਸਵਾਰ ਸਨ।

ਇਹ ਹਾਦਸਾ ਰਾਜਬਾੜੀ ਜ਼ਿਲ੍ਹਾ ਦੇ ਦੌਲਾਦੀਆ ਟਰਮੀਨਲ ‘ਤੇ ਬੁੱਧਵਾਰ ਸ਼ਾਮ ਨੂੰ ਵਾਪਰਿਆ। ਜਾਣਕਾਰੀ ਅਨੁਸਾਰ, ਬੱਸ ਇੱਕ ਬੇੜੇ (ਫੈਰੀ) ‘ਤੇ ਚੜ੍ਹ ਰਹੀ ਸੀ, ਜਦੋਂ ਡਰਾਈਵਰ ਨੇ ਅਚਾਨਕ ਕੰਟਰੋਲ ਗੁਆ ਦਿੱਤਾ ਅਤੇ ਬੱਸ ਸਿੱਧੀ ਨਦੀ ਵਿੱਚ ਜਾ ਡਿੱਗੀ।

ਬੰਗਲਾਦੇਸ਼ ਵਿੱਚ ਦਰਿਆਵਾਂ ਦੇ ਵੱਡੇ ਜਾਲ ਕਾਰਨ ਵਾਹਨਾਂ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਲਿਜਾਣ ਲਈ ਅਕਸਰ ਫੈਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਫੈਰੀਆਂ ਵੱਡੀਆਂ ਕਿਸ਼ਤੀਆਂ ਵਾਂਗ ਹੁੰਦੀਆਂ ਹਨ ਜਿਨ੍ਹਾਂ ‘ਤੇ ਬੱਸਾਂ ਅਤੇ ਹੋਰ ਵਾਹਨ ਚੜ੍ਹਾਏ ਜਾਂਦੇ ਹਨ।

ਹਾਦਸੇ ਤੋਂ ਬਾਅਦ ਬਚਾਅ ਟੀਮਾਂ ਵੱਲੋਂ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਸ਼ੁਰੂ ਵਿੱਚ ਸਿਰਫ਼ 2 ਮੌਤਾਂ ਦੀ ਖ਼ਬਰ ਆਈ ਸੀ, ਪਰ ਬਾਅਦ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 23 ਹੋ ਗਈ।ਸਰਕਾਰ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ ਜਾ ਰਹੀ ਹੈ।