ਅੰਮ੍ਰਿਤਸਰ ਪੁਲਿਸ ਵੱਲੋਂ ਕੌਮਾਂਤਰੀ ਹਥਿਆਰ ਤਸਕਰੀ ਗਿਰੋਹ ਦਾ ਭਾਂਡਾਫੋੜ, 6 ਗ੍ਰਿਫਤਾਰ

ਨਿਊਜ਼ ਪੰਜਾਬ

20 ਮਾਰਚ 2026

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਕੌਮਾਂਤਰੀ ਹਥਿਆਰ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਇਕ ਨਾਬਾਲਗ ਵੀ ਸ਼ਾਮਲ ਹੈ। ਪੁਲਿਸ ਨੇ ਕਾਰਵਾਈ ਦੌਰਾਨ 7 ਅਤਿਆਧੁਨਿਕ ਪਿਸਤੌਲਾਂ ਬਰਾਮਦ ਕੀਤੀਆਂ ਹਨ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਨੁਸਾਰ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਨੈਟਵਰਕ ਵਿਦੇਸ਼ ਵਿਚ ਬੈਠੇ ਇਕ ਹੈਂਡਲਰ ਨਾਲ ਜੁੜਿਆ ਹੋਇਆ ਸੀ, ਜੋ ਪੁਰਤਗਾਲ ਤੋਂ ਸੰਚਾਲਿਤ ਹੋ ਰਿਹਾ ਸੀ ਅਤੇ ਪਾਕਿਸਤਾਨ ਰਾਹੀਂ ਹਥਿਆਰ ਭਾਰਤ ਭੇਜੇ ਜਾ ਰਹੇ ਸਨ। ਇਹ ਹਥਿਆਰ ਸਥਾਨਕ ਅਪਰਾਧੀ ਤੱਤਾਂ ਤੱਕ ਪਹੁੰਚਾਏ ਜਾਂਦੇ ਸਨ। ਇਸ ਮਾਮਲੇ ਸਬੰਧੀ ਥਾਣਾ ਕੈਂਟੋਨਮੈਂਟ ਅੰਮ੍ਰਿਤਸਰ ਵਿਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਵੱਲੋਂ ਪੂਰੇ ਨੈਟਵਰਕ ਨੂੰ ਬੇਨਕਾਬ ਕਰਨ ਲਈ ਜਾਂਚ ਜਾਰੀ ਹੈ। ਡੀਜੀਪੀ ਨੇ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰਾਂ ਅਤੇ ਸੰਗਠਿਤ ਅਪਰਾਧ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।