ਨਵਾਂਸ਼ਹਿਰ ਜ਼ਿਲ੍ਹੇ ’ਚ ਕੋਵਿਡ ਦੇ ਪੰਜ ਨਵੇਂ ਮਰੀਜ਼ ਆਏ
4 ਮਹਾਂਰਾਸ਼ਟਰ ਤੋਂ ਵਾਪਸੀ ਵਾਲੇ ਅਤੇ ਇੱਕ ਸਥਾਨਕ
ਇੱਕ ਮਰੀਜ਼ ਨੂੰ ਛੁੱਟੀ ਦਿੱਤੀ ਗਈ
ਨਿਊਜ਼ ਪੰਜਾਬ
ਨਵਾਂਸ਼ਹਿਰ, 12 ਜੂਨ- ਜ਼ਿਲ੍ਹੇ ’ਚ ਅੱਜ ਪੰਜ ਨਵੇਂ ਕੋਵਿਡ ਮਰੀਜ਼ ਆਏ। ਇਨ੍ਹਾਂ ’ਚੋਂ ਚਾਰ ਦਾ ਸਬੰਧ ਸਾਹਲੋਂ ਪਿੰਡ ਨਾਲ ਹੈ ਜਦਕਿ ਇੱਕ ਦਾ ਸੋਨਾ ਪਿੰਡ ਨਾਲ ਹੈ। ਸਾਹਲੋਂ ਦੇ ਚਾਰ ਮਰੀਜ਼ ਮਹਾਂਰਾਸ਼ਟਰ ਤੋਂ ਵਾਪਸ ਆਏ ਦੱਸੇ ਜਾਂਦੇ ਹਨ ਜਦਕਿ ਸੋਨਾ ਪਿੰਡ ਨਾਲ ਸਬੰਧਤ ਮਰੀਜ਼ ਸ਼ਹਿਰ ਦੇ ਇੱਕ ਸਟੋਰ ‘ਮੋਰ’ ਦਾ ਕਰਮਚਾਰੀ ਦੱਸਿਆ ਜਾਂਦਾ ਹੈ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅੱਜ ਇੱਕ ਕੋਵਿਡ ਮਰੀਜ਼ ਜੋ ਕਿ ਰਾਹੋਂ ਨਾਲ ਸਬੰਧਤ ਹੈ, ਨੂੰ ਛੁੱਟੀ ਦੇ ਦਿੱਤੀ ਗਈ। ਹੁਣ ਜ਼ਿਲ੍ਹੇ ’ਚ ਅੱਜ ਦੇ ਪਾਜ਼ਿਟਿਵ ਮਰੀਜ਼ਾਂ ਨੂੰ ਮਿਲਾ ਕੇ 17 ਐਕਟਿਵ ਕੇਸ ਹੋ ਗਏ ਹਨ।