ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਕੋਵਿਡ-19 ਸਬੰਧੀ ਕੀਤੀ ਗਈ ਸੂਬੇ ਦੀ ਪਹਿਲੀ ਪਲਾਜ਼ਮਾ ਥੈਰੇਪੀ

ਓ.ਪੀ. ਸੋਨੀ ਵੱਲੋਂ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਕੋਵਿਡ-19 ਸਬੰਧੀ ਕੀਤੀ ਗਈ ਸੂਬੇ ਦੀ ਪਹਿਲੀ ਪਲਾਜ਼ਮਾ ਥੈਰੇਪੀ ਦੀ ਸ਼ਲਾਘਾ
ਕਿਹਾ-ਮਰੀਜ਼ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ, ਜੋ ਹੁਣ ਨਿਗਰਾਨੀ ਅਧੀਨ ਹੈ
ਉਪ ਕੁਲਪਤੀ ਨੇ ਕੋਵਿਡ ਤੋਂ ਸਿਹਤਯਾਬ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਇਸ ਨੇਕ ਕਾਰਜ ਲਈ ਵਾਸਤੇ ਅੱਗੇ ਆਉਣ ਲਈ ਕਿਹਾ
ਨਿਊਜ਼ ਪੰਜਾਬ
ਚੰਡੀਗੜ੍ਹ, 12 ਜੂਨ : ਕੋਵਿਡ-19 ਦੀ ਰੋਕਥਾਮ ਲਈ ਇੱਕ ਮਹੱਤਵਪੂਰਨ ਪਹਿਲ ਵਜੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵੱਲੋਂ ਇਲਾਜ ਦੇ ਨਵੀਨ ਢੰਗ-ਤਰੀਕਿਆਂ ਦੇ ਹਿੱਸੇ ਵਜੋਂ ਸੂਬੇ ਦੀ ਪਹਿਲੀ ਪਲਾਜ਼ਮਾ ਥੈਰੇਪੀ ਕੀਤੀ ਗਈ ਹੈ।
ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਡਾਕਟਰਾਂ ਦੀ ਟੀਮ ਵੱਲੋਂ ਕੋਵਿਡ -19 ਦੇ ਗੰਭੀਰ ਰੂਪ ਨਾਲ ਬਿਮਾਰ ਮਰੀਜ਼ ਨੂੰ ਇਹ ਥੈਰੇਪੀ ਦਿੱਤੀ ਗਈ ਹੈ। ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਆਈਸੀਐਮਆਰ (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਅਧੀਨ ਨੈਸ਼ਨਲ ਕਲੀਨਿਕਲ ਟਰਾਇਲ ਦੇ ਹਿੱਸੇ ਵਜੋਂ ਇਸ ਥੈਰੇਪੀ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਇਕ ਮੋਹਰੀ ਇੰਸਟੀਚਿਊ ਬਣ ਗਿਆ ਹੈ।
ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਵਿੱਚ ਕੋਵਿਡ -19 ਦੇ ਇੱਕ ਮਰੀਜ਼ ਨੂੰ ਦਿੱਤੀ ਗਈ ਇਹ ਪਹਿਲੀ ਥੈਰੇਪੀ ਹੈ।ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਕੁਝ ਦਿਨ ਪਹਿਲਾਂ ਜੀ.ਜੀ.ਐਸ. ਮੈਡੀਕਲ ਕਾਲਜ ਫਰੀਦਕੋਟ ਵਿਖੇ ਕੋਵਿਡ ਤੋਂ ਸਿਹਤਯਾਬ ਹੋਏ ਮਰੀਜ਼ ਦਾ ਪਲਾਜ਼ਮਾ ਲੈ ਕੇ ਸਟੋਰ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਪਲਾਜ਼ਾ ਇਸ ਵਾਇਰਸ ਤੋਂ ਗੰਭੀਰ ਰੂਪ ਵਿੱਚ ਪੀੜਤ ਵਿਅਕਤੀ ਨੂੰ ਦਿੱਤਾ ਗਿਆ।ਪਲਾਜ਼ਮਾ ਥੈਰੇਪੀ ਤੋਂ ਬਾਅਦ ਮਰੀਜ਼ ਦੀ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਉਹ ਨਿਗਰਾਨੀ ਅਧੀਨ ਹੈ।
ਸ੍ਰੀ ਸੋਨੀ ਨੇ ਕੋਵਿਡ-19 ਤੋਂ ਸਿਹਤਯਾਬ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਜੀ.ਜੀ.ਐਸ. ਮੈਡੀਕਲ ਕਾਲਜ ਤੇ ਹਸਪਤਾਲ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ਸ਼੍ਰੀ ਡੀ. ਕੇ. ਤਿਵਾੜੀ ਨੇ ਦੱਸਿਆ ਕਿ ਜੀ.ਐੱਮ.ਸੀ. ਪਟਿਆਲਾ ਵੀ ਜਲਦੀ ਹੀ ਪਲਾਜ਼ਮਾ ਥੈਰੇਪੀ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਜੀ.ਐਮ.ਸੀ. ਅੰਮ੍ਰਿਤਸਰ ਲਈ ਪ੍ਰਵਾਨਗੀ ਪ੍ਰਕਿਰਿਆ ਅਧੀਨ ਹੈ।
ਇਸ ਦੌਰਾਨ ਸੰਸਥਾ ਦੀ ਇਸ ਵੱਡੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀਐਫਯੂਐਚਐਸ) ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੇ ਕਿਹਾ ਕਿ ਕੋਨਵਾਲੇਸੈਂਟ ਪਲਾਜ਼ਮਾ ਕੋਵਿਡ-19 ਦੇ ਲੱਛਣਾਂ ਵਾਲੇ ਠੀਕ ਹੋਏ ਕਿਸੇ ਵੀ ਮਰੀਜ਼ ਤੋਂ ਲਿਆ ਜਾ ਸਕਦਾ ਹੈ। ਉਨ੍ਹਾਂ  ਕਿਹਾ ਕਿ ਇਕ ਵਾਰ ਜਦੋਂ ਮਰੀਜ਼ ਦੀ ਰਿਪੋਰਟ (ਆਰਟੀ-ਪੀਸੀਆਰ) ਨੈਗੇਟਿਵ ਹੋ ਜਾਂਦੀ ਹੈ ਤਾਂ ਉਹ 14 ਦਿਨਾਂ ਬਾਅਦ ਆਪਣਾ ਪਲਾਜ਼ਮਾ ਦਾਨ ਕਰ ਸਕਦਾ ਹੈ ਕਿਉਂਕਿ ਉਸ ਦੇ ਖੂਨ ਵਿਚ ਐਂਟੀਬਾਡੀਜ਼ ਹੁੰਦੀਆਂ ਹਨ, ਜੋ ਬਿਮਾਰੀ ਨੂੰ ਠੀਕ ਕਰਨ ਵਿਚ ਸਹਾਇਤਾ ਕਰ ਸਕਦੀਆਂ ਹਨ।
ਪ੍ਰਿੰਸੀਪਲ ਡਾ. ਦੀਪਕ ਜੋਨ ਭੱਟੀ ਅਤੇ ਮੈਡੀਕਲ ਸੁਪਰਡੰਟ ਡਾ. ਰਾਜੀਵ ਜੋਸ਼ੀ ਨੇ ਇਸ ਥੈਰੇਪੀ ਨੂੰ ਕੋਵਿਡ -19 ਮਹਾਂਮਾਰੀ ਤੋਂ ਪੀੜਤ ਲੋਕਾਂ ਦੇ ਇਲਾਜ ਵਿੱਚ ਮੀਲ ਪੱਥਰ ਦੱਸਿਆ।
ਟੀਮ ਵਿੱਚ ਸ਼ਾਮਲ ਡਾ. ਰਵਿੰਦਰ ਗਰਗ (ਮੈਡੀਸਨ ਵਿਭਾਗ), ਡਾ. ਨੀਤੂ ਕੁੱਕਰ (ਬਲੱਡ ਟਰਾਂਸਫਿਊਜ਼ਨ ਵਿਭਾਗ), ਡਾ. ਨੀਰਜਾ ਜਿੰਦਲ (ਮਾਈਕਰੋਬਾਇਓਲੋਜੀ ਵਿਭਾਗ) ਅਤੇ ਡਾ. ਦਿਵਿਆ ਕਵਿਤਾ (ਕ੍ਰਿਟੀਕਲ ਕੇਅਰ ਵਿਭਾਗ) ਨੇ ਇਸ ਚੁਣੌਤੀ ਨੂੰ ਸਫਲ ਬਣਾਉਣ ਵਿੱਚ ਨਿਰੰਤਰ ਸਹਾਇਤਾ ਅਤੇ ਮਾਰਗ ਦਰਸ਼ਨ ਲਈ ਰਾਜ ਸਰਕਾਰ ਦਾ ਧੰਨਵਾਦ ਕੀਤਾ।
——–