ਨਿਊਜ਼ ਪੰਜਾਬ
11 ਮਾਰਚ 2026
ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਮੰਗਲਵਾਰ ਸਵੇਰੇ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਹਲਕੇ ਅਧੀਨ ਪਿੰਡ ਕਲਸੀਆਂ ਕਲਾਂ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਆਮ ਆਦਮੀ ਪਾਰਟੀ (AAP) ਦੇ ਮੌਜੂਦਾ ਸਰਪੰਚ ਪਰਮਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ NCB ਦੀ ਵਿਸ਼ੇਸ਼ ਟੀਮ ਨੇ ਸਰਪੰਚ ਦੇ ਘਰ ਛਾਪਾ ਮਾਰ ਕੇ ਲਗਭਗ 18 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 90 ਕਰੋੜ ਰੁਪਏ ਦੱਸੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਸਰਪੰਚ ਨੂੰ ਕਾਬੂ ਕਰਕੇ ਉਸਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਮਾਮਲੇ ਸਬੰਧੀ ਅੰਮ੍ਰਿਤਸਰ ਵਿੱਚ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪਰਮਜੀਤ ਸਿੰਘ ਪਿੰਡ ਰੱਖਿਆ ਕਮੇਟੀ (VDC) ਦਾ ਪ੍ਰਧਾਨ ਵੀ ਦੱਸਿਆ ਜਾਂਦਾ ਹੈ, ਜੋ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਬਣਾਈ ਗਈ ਹੈ। ਇਸ ਮਾਮਲੇ ਨੂੰ ਲੈ ਕੇ ਰਾਜਨੀਤਿਕ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ ਅਤੇ ਅਕਾਲੀ ਆਗੂਆਂ ਵੱਲੋਂ ਸਰਕਾਰ ‘ਤੇ ਤੰਜ ਕੱਸਿਆ ਗਿਆ ਹੈ।
